ਬਲਾਚੌਰ, 25 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ ਅੱਜ 25 ਸਤੰਬਰ (ਦਿਨ ਸ਼ੁੱਕਰਵਾਰ) ਨੂੰ ਸ਼ਾਮ 06:30 ਵਜੇ ਤੋਂ ਬੀ.ਏ.ਵੀ.ਖੇਡ ਸਟੇਡੀਅਮ ਬਲਾਚੌਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਏ. ਡੀ. ਸੀ. ਜਨਰਲ ਸੁਨੀਲ ਫੋਗਾਟ ਨੇ ਦਿੱਤੀ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਡ੍ਰੋਨ ਸ਼ੋਅ ਵਿਚ ਪਹੁੰਚਣ।
ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ 6 ਵਜੇ ਹੋਵੇਗੀ। ਇਸ ਦੌਰਾਨ ਰਾਗੀ ਜੱਥੇ ਵਲੋਂ ਗੁਰਬਾਣੀ ਅਤੇ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਨਾਲ ਜੋੜਿਆ ਜਾਵੇਗਾ। ਇਸ ਤੋਂ ਬਾਅਦ ਰਾਤ 7.45 ਵਜੇ ਮੁੱਖ ਡਰੋਨ ਸ਼ੋਅ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦਰਸ਼ਕਾਂ ਅਤੇ ਸੰਗਤ ਦੇ ਬੈਠਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ ਅਤੇ ਪ੍ਰੋਗਰਾਮ ਵਾਲੀ ਥਾਂ 'ਤੇ ਸੁਰੱਖਿਆ, ਬਿਜਲੀ, ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਡਰੋਨ ਸ਼ੋਅ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਦਰਸ਼ਨ ਅਤੇ ਸਿੱਖਿਆਵਾਂ ਨੂੰ ਆਧੁਨਿਕ ਤਕਨੀਕ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਵਿਸ਼ੇਸ਼ ਯਤਨ ਹੈ। ਡਰੋਨ ਸ਼ੋਅ ਦੌਰਾਨ ਇਕੋ ਸਮੇਂ 500 ਡਰੋਨ ਅਸਮਾਨ ਵਿਚ ਉੱਡ ਕੇ ਵੱਖ-ਵੱਖ ਆਕ੍ਰਿਤੀਆਂ ਅਤੇ ਡਿਜੀਟਲ ਪੇਸ਼ਕਾਰੀਆਂ ਰਾਹੀਂ ਗੁਰੂ ਜੀ ਦੇ ਜੀਵਨ ਅਤੇ ਸੰਦੇਸ਼ ਨੂੰ ਪ੍ਰਦਰਸ਼ਿਤ ਕਰਨਗੇ।