ਖੋਸਾ ਦਲ ਸਿੰਘ, 24 ਸਤੰਬਰ (ਮਨਪ੍ਰੀਤ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੂਟਾ ਸਿੰਘ ਬੁਰਜ ਗਿੱਲ) ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਪ੍ਰਸਤ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਖੋਸਾ ਦਲ ਸਿੰਘ ਵਿਖੇ ਹੋਈ | ਮੀਟਿੰਗ 'ਚ ਗੁਰਦੇਵ ਸਿੰਘ ਜਰਨਲ ਸਕੱਤਰ, ਛਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਸਵਰਨ ਸਿੰਘ ਮੈਂਬਰ, ਬਹਾਦਰ ਸਿੰਘ ਬਲਾਕ ਪ੍ਰਧਾਨ ਖੋਸਾ ਦਲ ਸਿੰਘ ਨੇ ਸਾਂਝੇ ਬਿਆਨ 'ਚ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਫ਼ੈਸਲੇ 'ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਪੰਜਾਬ ਵਿਚ 4400 ਇੱਟਾਂ ਦੇ ਭੱਠੇ ਤੇ 700 ਫ਼ੈਕਟਰੀਆਂ ਹਨ, ਜਿੰਨਾ ਦਾ ਲੋਡ 500 ਕਿੱਲੋਵਾਟ ਤੋਂ ਵੱਧ ਹੈ ਤੇ ਸਾਰੇ ਪੰਜਾਬ ਵਿਚ 51 ਫ਼ੀਸਦੀ ਧੂੰਆਂ ਇਨ੍ਹਾਂ ਦਾ ਹੈ ਜਦਕਿ 24 ਫ਼ੀਸਦੀ ਧੂੰਆਂ ਵਾਹਨਾਂ ਦਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਰੀਪਰ ਨਾਲ ਅੱਗ ਲਾਈਏ ਤਾਂ 4 ਫ਼ੀਸਦੀ ਧੂੰਆਂ ਬਣਦਾ ਹੈ ਤੇ ਜੇਕਰ ਇਕੱਲੀ ਲਿੱਦ ਸਾੜੀਏ ਤਾਂ 2 ਫ਼ੀਸਦੀ ਹੀ ਬਣਦਾ ਹੈ | ਇਸ ਵਾਸਤੇ ਸਿਰਫ਼ ਕਿਸਾਨਾਂ ਨੂੰ ਹੀ ਕਸੂਰਵਾਰ ਕਿਉਂ ਮੰਨਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਸਰਕਾਰ ਪਰਾਲੀ ਨੂੰ ਸਾਂਭਣ ਵਾਸਤੇ ਸੰਦ ਮੁਹੱਈਆ ਕਰਵਾਵੇ, ਕਿਉਂਕਿ ਮਸ਼ੀਨਾਂ ਥੋੜ੍ਹੀਆਂ ਹਨ | ਪਹਿਲਾਂ ਤਾਂ ਮਸ਼ੀਨਾਂ ਨਹੀਂ ਮਿਲਦੀਆਂ, ਜੇਕਰ ਮਿਲਦੀਆਂ ਹਨ ਤਾਂ ਛੇਤੀ ਚੁੱਕਦੇ ਨਹੀਂ | ਕਿਸਾਨ ਕੁੜਿੱਕੀ 'ਚ ਫਸਿਆ ਹੋਇਆ ਹੈ | ਇਸ ਲਈ ਸੁਪਰੀਮ ਕੋਰਟ ਨੂੰ ਮੁੜ ਤੋਂ ਆਪਣੇ ਫ਼ੈਸਲੇ 'ਤੇ ਵਿਚਾਰ ਕਰਨੀ ਚਾਹੀਦੀ ਹੈ | ਇਸ ਮੌਕੇ ਛਿੰਦਰ ਸਿੰਘ ਹਰਦਾਸਾ ਮੀਤ ਪ੍ਰਧਾਨ, ਸੁਖਚੈਨ ਸਿੰਘ ਗਿੱਲ, ਬਹਾਦਰ ਸਿੰਘ ਬਲਾਕ ਪ੍ਰਧਾਨ, ਸਵਰਨ ਸਿੰਘ, ਰਣਜੀਤ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ |