ਜਲਾਲਾਬਾਦ, 28 ਸਤੰਬਰ (ਕਰਨ ਚੁਚਰਾ)-ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੇ ਜਨਮਦਿਨ ਮੌਕੇ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਸਥਾਨਕ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਬਣੇ ਸ਼ਹੀਦ ਦੇ ਆਦਮ ਕੱਦ ਬੁੱਤ 'ਤੇ ਸੰਸਥਾ ਦੇ ਮੈਂਬਰ ਇਕੱਤਰ ਹੋਏ ਅਤੇ ਉਨ੍ਹਾਂ ਸ਼ਹੀਦ ਦੀ ਪ੍ਰਤਿਮਾ 'ਤੇ ਫੁੱਲਾਂ ਦੇ ਹਾਰ ਚੜ੍ਹਾਏ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ | ਇਸ ਮੌਕੇ ਦੇਵ ਰਾਜ਼ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ, ਪ੍ਰਵੇਸ਼ ਖੰਨਾ, ਅਸ਼ੋਕ ਗਗਨੇਜਾ, ਰੌਸ਼ਨ ਲਾਲ ਅਸੀਜਾ, ਦੀਪਕ ਸਹਿਗਲ, ਕੇਵਲ ਸੁਖੀਜਾ, ਵਿਜੇ ਖੰਨਾ ਨੇ ਕਿਹਾ ਕਿ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹਨ | ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਚੜ੍ਹਦੀ ਜਵਾਨੀ ਦੇਸ਼ ਦੇ ਲੇਖੇ ਲਾਈ ਅਤੇ ਉਨ੍ਹਾਂ ਵਲੋਂ ਚਲਾਈ ਇਕ ਨਿੱਕੀ ਜਿਹੀ ਲਹਿਰ ਭਾਂਬੜ ਬਣ ਕੇ ਉੱਭਰੀ ਅਤੇ ਗੌਰਿਆਂ ਨੂੰ ਦੇਸ਼ ਛੱਡ ਕੇ ਭੱਜਣਾ ਪਿਆ | ਉਨ੍ਹਾਂ ਕਿਹਾ ਕਿ ਸ਼ਹੀਦ ਸਾਰੇ ਦੇਸ਼ ਦੇ ਸਾਂਝੇ ਹਨ, ਇਹ ਕਿਸੇ ਕੌਮ ਬਿਰਾਦਰੀ ਦੇ ਨਹੀਂ, ਇਸ ਲਈ ਇਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼ ਹੈ | ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਸ਼ਹੀਦਾਂ ਦੀਆਂ ਵਾਰਾਂ ਸੁਣਾਈਏ, ਉਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਦੇਈਏ ਤਾਂ ਜੋ ਉਹ ਆਪਣੇ ਸ਼ਹੀਦਾਂ ਤੋਂ ਮੁਨਕਰ ਨਾ ਹੋ ਸਕਣ |