ਫ਼ਿਰੋਜ਼ਪੁਰ, 3 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਡਿਵੀਜ਼ਨ ਦੀ ਟਿਕਟ ਚੈਕਿੰਗ ਟੀਮ ਦੁਆਰਾ ਰੇਲਗੱਡੀਆਂ ਵਿਚ ਲਗਾਤਾਰ ਟਿਕਟ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਸਾਰੇ ਅਸਲ ਰੇਲ ਉਪਭੋਗਤਾਵਾਂ ਨੂੰ ਆਰਾਮਦਾਇਕ ਯਾਤਰਾ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਬਿਨਾ ਟਿਕਟ ਅਤੇ ਅਨਿਯਮਿਤ ਯਾਤਰਾ ਨੂੰ ਰੋਕਿਆ ਜਾ ਸਕੇ | ਇਸੇ ਉਦੇਸ਼ ਨਾਲ ਟਿਕਟ ਚੈਕਿੰਗ ਸਟਾਫ਼ ਅਤੇ ਡਿਵੀਜ਼ਨ ਦੇ ਮੁੱਖ ਟਿਕਟ ਇੰਸਪੈਕਟਰਾਂ ਵਲੋਂ ਅਕਤੂਬਰ 2025 ਦੌਰਾਨ ਰੇਲਗੱਡੀਆਂ ਵਿਚ ਟਿਕਟਾਂ ਦੀ ਚੈਕਿੰਗ ਦੌਰਾਨ ਕੁੱਲ 43,387 ਰੇਲਵੇ ਯਾਤਰੀ ਬਿਨਾ ਟਿਕਟ ਨਾਲ ਸਫ਼ਰ ਕਰਦੇ ਪਾਏ ਗਏ ਅਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ ਲਗਭਗ 2.82 ਕਰੋੜ ਰੁਪਏ ਦੀ ਆਮਦਨ ਵਸੂਲੀ ਗਈ | ਇਸ ਨਾਲ ਫ਼ਿਰੋਜ਼ਪੁਰ ਡਵੀਜ਼ਨ ਦੀ ਆਮਦਨ ਵਿਚ ਵਾਧਾ ਹੋਇਆ ਹੈ, ਜੋ ਕਿ ਟਿਕਟ ਚੈਕਿੰਗ ਸਟਾਫ਼ ਵਲੋਂ ਕੀਤਾ ਗਿਆ ਸ਼ਲਾਘਾਯੋਗ ਕੰਮ ਹੈ | ਰੇਲਵੇ ਅਧਿਕਾਰੀਆਂ ਨੇ ਰੇਲ ਗੱਡੀਆਂ ਵਿਚ ਯਾਤਰੀਆਂ ਦੇ ਅਣਅਧਿਕਾਰਤ ਦਾਖ਼ਲੇ ਨੂੰ ਰੋਕਣ ਲਈ ਲਗਾਤਾਰ ਅਚਨਚੇਤ ਟਿਕਟ ਚੈਕਿੰਗ ਮੁਹਿੰਮਾਂ ਵੀ ਚਲਾਈਆਂ ਹੋਈਆਂ ਸਨ | ਜਿਸ ਵਿਚ ਯਾਤਰੀਆਂ ਨੂੰ ਸਹੀ ਟਿਕਟਾਂ ਨਾਲ ਰੇਲ ਗੱਡੀਆਂ ਵਿਚ ਸਫ਼ਰ ਕਰਨ ਦੀ ਸਲਾਹ ਦਿੱਤੀ ਗਈ | ਡਵੀਜ਼ਨ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ 'ਤੇ ਕੂੜਾ ਸੁੱਟਣ ਤੋਂ ਰੋਕਣ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ 'ਤੇ ਨਿਯਮਤ ਤੌਰ 'ਤੇ ਚੈਕਿੰਗ ਕੀਤੀ ਜਾਂਦੀ ਹੈ | ਇਸ ਦੇ ਨਤੀਜੇ ਵਜੋਂ ਅਗਸਤ ਮਹੀਨੇ ਦੌਰਾਨ ਸਟੇਸ਼ਨ ਕੰਪਲੈਕਸ (ਐਂਟੀ ਲਿਟਰਿੰਗ ਐਕਟ) ਵਿਚ ਕੂੜਾ ਸੁੱਟਣ ਵਾਲੇ 461 ਯਾਤਰੀਆਂ ਤੋਂ 80 ਹਜਾਰ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ | ਇਸ ਤੋਂ ਇਲਾਵਾ ਰੇਲਵੇ ਯਾਤਰੀਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਸਫ਼ਾਈ ਮੁਹਿੰਮ ਵੀ ਚਲਾਈ ਜਾਂਦੀ ਹੈ | ਡਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ ਵਿਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ, ਕਿਉਂਕਿ ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿੱਕਰੀ ਵਿਚ ਸੁਧਾਰ ਕਰਨਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯਾਤਰੀ ਬਿਨਾਂ ਟਿਕਟ ਯਾਤਰਾ ਨਾ ਕਰੇ, ਭਾਵ ਫ਼ਿਰੋਜ਼ਪੁਰ ਡਵੀਜ਼ਨ ਵਿਚ ਜ਼ੀਰੋ ਟਿਕਟ ਰਹਿਤ ਯਾਤਰਾ ਦਾ ਟੀਚਾ ਮਿਥਿਆ ਗਿਆ ਹੈ |
ਬਿਨਾਂ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ ਵਿਰੁੱਧ ਰੇਲ ਵਿਭਾਗ ਦੀ ਵੱਡੀ ਕਾਰਵਾਈ
ਰੇਲਗੱਡੀ ਅੰਦਰ ਯਾਤਰੀਆਂ ਦੀਆਂ ਟਿਕਟਾਂ ਚੈੱਕ ਕਰਨ ਸਮੇਂ ਟਿਕਟ ਚੈਕਿੰਗ ਸਟਾਫ਼ | ਅਜੀਤ ਤਸਵੀਰ<br/>
04-11-2025