ਫ਼ਿਰੋਜ਼ਪੁਰ, 3 ਨਵੰਬਰ (ਰਾਕੇਸ਼ ਚਾਵਲਾ)-ਜਦੋਂ ਦੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਕੇਂਦਰ ਸਰਕਾਰ ਵਲੋਂ ਆਏ ਦਿਨ ਕਿਸੇ ਨਾ ਕਿਸੇ ਰਸਤੇ ਪੰਜਾਬ ਨੂੰ ਉਸ ਦੇ ਅਧਿਕਾਰਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ | ਸੰਯੁਕਤ ਸਮਾਜ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਮੋੜਾ ਸਿੰਘ ਅਨਜਾਨ ਨੇ ਕਿਹਾ ਕਿ ਉਹ ਚਾਹੇ ਪਾਣੀਆਂ ਦਾ ਮਸਲਾ ਹੋਏ, ਕਿਸਾਨਾਂ ਦੇ ਹੱਕਾਂ ਦਾ ਮਸਲਾ ਹੋਏ ਅਤੇ ਭਾਵੇਂ ਨਵਾਂ ਨੋਟੀਫੋਕੇਸ਼ਨ ਜਿਸ ਦੇ ਤਹਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚੋਂ ਸੈਨੇਟ ਨੂੰ ਖ਼ਤਮ ਕੀਤੇ ਜਾਣ ਦਾ ਹੋਏ | ਇਕ-ਇਕ ਕਰਕੇ ਪੰਜਾਬ ਤੋਂ ਉਸ ਦਾ ਅਧਿਕਾਰ ਖੇਤਰ ਖੋਹਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਜਦੋਂ ਕੇਂਦਰ ਵਲੋਂ ਬੀ.ਬੀ.ਐੱਮ.ਬੀ. ਤੋਂ ਪੰਜਾਬ ਦਾ ਅਧਿਕਾਰ ਖੋਹਿਆ ਗਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਨੂੰਨੀ ਪ੍ਰਕਿਰਿਆ ਦੀ ਬਜਾਏ ਲੋਕ ਵਿਖਾਵਾ ਕਰਨ ਡੈਮ 'ਤੇ ਪੁੱਜ ਗਏ | ਜਿਸ ਦਾ ਸਿੱਟਾ ਕੁੱਝ ਵੀ ਨਹੀਂ ਨਿਕਲਿਆ | ਉਸੇ ਤਰ੍ਹਾਂ ਹੀ ਤਕਰੀਬਨ 60 ਸਾਲ ਪੁਰਾਣੀ ਸੈਨੇਟ ਨੂੰ ਖ਼ਤਮ ਕਰਨ ਦਾ ਨੋਟੀਫ਼ਿਕੇਸ਼ਨ ਬੀ.ਜੇ.ਪੀ ਸਰਕਾਰ ਵਲੋਂ ਚੁੱਪ ਚੁਪੀਤੇ ਕੱਢ ਦਿੱਤਾ ਗਿਆ ਜੋ ਸਿੱਧੇ ਰੂਪ 'ਚ ਪੰਜਾਬ ਯੂਨੀਵਰਸਿਟੀ ਵਿਚ ਪੰਜਾਬ ਦੀ ਅਧਿਕਾਰਤਾ ਨੂੰ ਖ਼ਤਮ ਕਰੇਗਾ | ਅਨਜਾਨ ਨੇ ਕਿਹਾ ਨਾ ਹੀ ਇਸ ਵਿਸ਼ੇ 'ਤੇ ਭਗਵੰਤ ਮਾਨ ਬੋਲ ਰਹੇ ਨਾ ਹੀ ਉਨ੍ਹਾਂ ਦਾ ਕੋਈ ਵਿਧਾਇਕ ਅਤੇ ਨਾ ਹੀ ਬੀ.ਜੇ.ਪੀ ਪੰਜਾਬ ਦਾ ਕੋਈ ਲੀਡਰ ਇਸ ਵਿਸ਼ੇ 'ਤੇ ਬੋਲ ਰਿਹਾ | ਅਨਜਾਨ ਨੇ ਕਿਹਾ ਕੇ ਪੰਜਾਬ ਦੇ ਮੁੱਖ ਮੰਤਰੀ ਲੋਕਾਂ ਨੂੰ ਚੁਟਕਲੇ ਸੁਣਾਉਣ 'ਚ ਮਗਨ ਹਨ ਤੇ ਉਨ੍ਹਾਂ ਨੂੰ ਵਿਰੋਧੀਆਂ ਦੇ ਭੰਡੀ ਪ੍ਰਚਾਰ ਤੋਂ ਬਿਨਾ ਕੁੱਝ ਨਜ਼ਰ ਨਹੀਂ ਆ ਰਿਹਾ | ਉਨ੍ਹਾਂ ਨੇ ਕਿਹਾ ਕੇ ਕੇਂਦਰ ਸਰਕਾਰ ਨੂੰ ਪੰਜਾਬ ਯੂਨੀਵਰਸਿਟੀ 'ਚ ਸੈਨੇਟ ਦੀਆਂ ਚੋਣਾ ਕਰਵਾਉਣੀਆਂ ਚਾਹੀਦੀਆਂ ਹਨ | ਉਨ੍ਹਾਂ ਨੇ ਕਿਹਾ ਕਿ ਸੈਂਟਰ ਸਰਕਾਰ ਦੇ ਇਸ ਤਾਨਾਸ਼ਾਹੀ ਫ਼ਰਮਾਨ ਦਾ ਅਸੀਂ ਵਿਰੋਧ ਕਰਦੇ ਹਾਂ ਅਤੇ ਉਦੋਂ ਤੱਕ ਕਰਾਂਗੇ ਜਦੋਂ ਤੱਕ ਇਹ ਫ਼ੈਸਲਾ ਵਾਪਸ ਨਹੀਂ ਲਿਆ ਜਾਂਦਾ |