ਤਲਵੰਡੀ ਭਾਈ, 4 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)-ਥਾਣਾ ਤਲਵੰਡੀ ਭਾਈ ਦੀ ਪੁਲਿਸ ਵਲੋਂ ਮੋਟਰ ਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਨੂੰ 14.35 ਗਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਮੁਲਜ਼ਮਾਂ ਦੀ ਪਛਾਣ ਸਿਕੰਦਰ ਸਿੰਘ ਉਰਫ਼ ਬਿੱਟੀ ਪੁੱਤਰ ਨਿਰਮਲ ਸਿੰਘ ਅਤੇ ਸੁਖਚੈਨ ਸਿੰਘ ਉਰਫ਼ ਚੈਨਾ ਪੁੱਤਰ ਪਾਲਾ ਸਿੰਘ ਦੋਵੇਂ ਵਾਸੀਆਨ ਪਿੰਡ ਹਰਦਾਸਾ, ਥਾਣਾ ਸਦਰ ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ ਹੈ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਥਾਣਾ ਤਲਵੰਡੀ ਭਾਈ ਐੱਸ.ਐੱਚ.ਓ. ਇੰਸਪੈਕਟਰ ਗੁਰਜੰਟ ਸਿੰਘ ਨੂੰ ਸਮੇਤ ਪੁਲਿਸ ਪਾਰਟੀ ਇਲਾਕੇ ਦੀ ਗਸ਼ਤ ਕਰਦਿਆਂ ਸੂਚਨਾ ਮਿਲੀ ਸੀ ਕਿ ਉਕਤ ਦੋਵੇਂ ਮੁਲਜ਼ਮਾਂ ਤੋਂ ਹੈਰੋਇਨ ਬਰਾਮਦ ਹੋ ਸਕਦੀ ਹੈ | ਜਿਸ ਦੇ ਚੱਲਦਿਆਂ ਫ਼ਿਰੋਜ਼ਪੁਰ-ਮੋਗਾ ਰੋਡ ਤੋਂ ਪਿੰਡ ਝੰਜੀਆਂ ਨੂੰ ਜਾਂਦੀ ਸੜਕ ਉੱਪਰ ਪਲਟੀਨਾ ਮੋਟਰ ਸਾਈਕਲ ਪੀ.ਬੀ.05. ਏ.3590 ਉੱਪਰ ਸਵਾਰ ਹੋ ਕੇ ਆ ਰਹੇ ਉਕਤ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 14.35 ਗਰਾਮ ਹੈਰੋਇਨ ਬਰਾਮਦ ਹੋਈ | ਜਿਸ ਦੇ ਚੱਲਦਿਆਂ ਉਨ੍ਹਾਂ ਦੋਵਾਂ ਹਿਰਾਸਤ ਵਿਚ ਲੈਂਦੇ ਹੋਏ ਉਨ੍ਹਾਂ ਦਾ ਮੋਟਰ ਸਾਈਕਲ ਵੀ ਕਬਜ਼ੇ 'ਚ ਪੁਲਿਸ ਨੇ ਲੈ ਲਿਆ, ਉਕਤ ਖਿਲਾਫ ਥਾਣਾ ਤਲਵੰਡੀ ਭਾਈ ਵਿਖੇ ਐਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮਾ ਨੰਬਰ 83 ਰਜਿਸਟਰਡ ਕੀਤਾ ਗਿਆ ਹੈ |