ਗੁਰੂਹਰਸਹਾਏ, 20 ਦਸੰਬਰ(ਹਰਚਰਨ ਸਿੰਘ ਸੰਧੂ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ-ਸਮਾਰਟ ਸਕੂਲ ਅਹਿਮਦ ਢੰਡੀ ਵਿਖੇ ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਮੈਗਾ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿੱਚ ਮਾਪਿਆਂ ਨੇ ਹਾਜ਼ਰੀ ਭਰੀ ਅਤੇ ਆਪਣੇ ਬੱਚਿਆਂ ਦੀ ਅਕਾਦਮਿਕ ਤਿਆਰੀ, ਹਾਜ਼ਰੀ, ਸਿਹਤ ਸਥਿਤੀ ਅਤੇ ਘਰੇਲੂ ਅਧਿਐਨ ਦੇ ਮਾਹੌਲ ਬਾਰੇ ਅਧਿਆਪਕਾਂ ਨਾਲ ਵਿਸਥਾਰ ਪੂਰਵਕ ਚਰਚਾ ਕੀਤੀ | ਮਾਪਿਆਂ ਨੇ ਸਪਸ਼ਟ ਰੂਪ ਵਿਚ ਕਿਹਾ ਕਿ ਸਾਲਾਨਾ ਪ੍ਰੀਖਿਆ ਤੋਂ ਪਹਿਲਾਂ ਅਧਿਆਪਕਾਂ ਅਤੇ ਮਾਪਿਆਂ ਵਿਚਕਾਰ ਇਸ ਤਰ੍ਹਾਂ ਦੀ ਸੰਵਾਦਾਤਮਕ ਮਿਲਣੀ ਵਿਦਿਆਰਥੀਆਂ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | ਮਿਲਣੀ ਦੌਰਾਨ ਇੱਕ ਅਹਿਮ ਅਤੇ ਗੰਭੀਰ ਮੁੱਦਾ ਮੋਬਾਈਲ ਫੋਨ ਦੇ ਸਦਉਪਯੋਗ ਅਤੇ ਸੋਸ਼ਲ ਮੀਡੀਆ 'ਤੇ ਵਧ ਰਹੇ ਰੁਝਾਨ ਦਾ ਵੀ ਉੱਠਿਆ | ਅਧਿਆਪਕਾਂ ਅਤੇ ਮਾਪਿਆਂ ਨੇ ਸਾਂਝੇ ਤੌਰ 'ਤੇ ਚਿੰਤਾ ਪ੍ਰਗਟ ਕੀਤੀ ਕਿ ਬਿਨਾਂ ਨਿਯੰਤਰਨ ਡਿਜ਼ਿਟਲ ਵਰਤੋਂ ਵਿਦਿਆਰਥੀਆਂ ਦੀ ਪੜ੍ਹਾਈ, ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਅਤੇ ਨੀਂਦ 'ਤੇ ਨਕਾਰਾਤਮਿਕ ਪ੍ਰਭਾਵ ਪਾ ਰਹੀ ਹੈ | ਇਸ ਸਬੰਧ ਵਿਚ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਘਰ ਵਿਚ ਨਿਯਮਤ ਅਧਿਐਨ ਸਮਾਂ-ਸਾਰਣੀ, ਮੋਬਾਈਲ ਦੀ ਸੀਮਤ ਵਰਤੋਂ ਅਤੇ ਸਕਾਰਾਤਮਿਕ ਡਿਜ਼ਿਟਲ ਅਨੁਸ਼ਾਸਨ ਲਾਗੂ ਕੀਤਾ ਜਾਵੇ | ਇਸ ਮੌਕੇ ਲਗਾਤਾਰ ਮੁਲਾਂਕਣ ਪ੍ਰਕਿਰਿਆ ਅਤੇ ਮਿਸ਼ਨ ਸਮਰੱਥ ਤਹਿਤ ਚੱਲ ਰਹੀਆਂ ਅਕਾਦਮਿਕ ਗਤੀਵਿਧੀਆਂ ਦੀ ਵੀ ਸਮੀਖਿਆ ਕੀਤੀ ਗਈ | ਅਧਿਆਪਕਾਂ ਵਲੋਂ ਦੱਸਿਆ ਗਿਆ ਕਿ ਕਮਜ਼ੋਰ ਵਿਦਿਆਰਥੀਆਂ ਲਈ ਦੁਹਰਾਈ ਕਲਾਸਾਂ, ਵਿਸ਼ੇਸ਼ ਮਾਰਗ ਦਰਸ਼ਨ ਅਤੇ ਨਿਰੰਤਰ ਮੁਲਾਂਕਣ ਰਾਹੀਂ ਸਾਲਾਨਾ ਪ੍ਰੀਖਿਆਵਾਂ ਲਈ ਪੂਰੀ ਤਿਆਰੀ ਕਰਵਾਈ ਜਾ ਰਹੀ ਹੈ | ਇਸ ਮੌਕੇ ਸੀਨੀਅਰ ਅਧਿਆਪਕਾ ਮੈਡਮ ਸੁਖਵਿੰਦਰ ਕੌਰ ਗਰੇਵਾਲ, ਸੋਸ਼ਲ ਸਾਇੰਸ ਮਾਹਿਰ ਬਲਵਿੰਦਰ ਸਿੰਘ, ਮੈਥ ਫੈਕਲਟੀ ਚੋਂ ਪਰਮਜੀਤ ਕੌਰ, ਗੁਰਮੇਜ ਸਿੰਘ, ਸਾਇੰਸ ਮੈਂਟਰ ਆਸਥਾ ਕੰਬੋਜ, ਮੁੱਖ ਕਲਰਕ ਸੁਖਚੈਨ ਸਿੰਘ, ਮਿਡ-ਡੇ-ਮੀਲ ਇੰਚਾਰਜ ਸ਼ਿਮਲਾ ਰਾਣੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |