ਮੱਲਾਂਵਾਲਾ, 20 ਦਸੰਬਰ (ਬਲਬੀਰ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਗੁਰਦੁਆਰਾ ਬਾਬਾ ਰਾਮ ਲਾਲ ਆਰਿਫ਼ ਕੇ ਵਿਖੇ ਵੱਡੀ ਅਹਿਮ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਖਵਿੰਦਰ ਸਿੰਘ ਸਭਰਾ ਅਤੇ ਇੰਦਰਜੀਤ ਸਿੰਘ ਬਾਠ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ ਵਲੋਂ ਬਿਜਲੀ ਸੋਧ ਬਿੱਲ ਖ਼ਿਲਾਫ਼ ਚੱਲਦੇ ਸੰਘਰਸ਼ ਦੌਰਾਨ ਚੰਡੀਗੜ੍ਹ ਵਿਚ ਮੋਰਚੇ ਦੇ ਆਗੂਆਂ ਅਤੇ ਸਰਕਾਰ ਦਰਮਿਆਨ 9 ਘੰਟੇ ਚੱਲੀ ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਲੰਬੀ ਚੁੱਪ ਤੋੜੀ ਗਈ ਅਤੇ ਮੁੱਖ ਮੰਤਰੀ ਪੰਜਾਬ ਵਲੋਂ ਬਿਜਲੀ ਸੋਧ ਬਿੱਲ ਦਾ ਸਰਕਾਰ ਦੇ ਪੱਧਰ ਤੇ ਵਿਰੋਧ ਕਰਨ ਦਾ ਬਿਆਨ ਦਿੱਤਾ ਗਿਆ ਹੈ | ਪੰਜਾਬ ਵਿਚ ਰੇਲ ਰੋਕੋ ਅੰਦੋਲਨ ਦੇ ਸੱਦੇ ਦੇ ਦੌਰਾਨ ਸਰਕਾਰ ਵਲੋਂ ਚੰਡੀਗੜ੍ਹ ਵਿਚ ਕਿਸਾਨ ਮਜ਼ਦੂਰ ਮੋਰਚਾ ਨਾਲ ਰੱਖੀ ਮੀਟਿੰਗ 19 ਦਸੰਬਰ ਨੂੰ ਘੰਟਿਆਂ-ਬੱਧੀ ਚੱਲ ਕੇ ਦੇਰ ਰਾਤ ਖ਼ਤਮ ਹੋਈ ਜਿਸ ਵਿਚ ਐੱਸ.ਪੀ.ਐੱਸ. ਪਰਮਾਰ ਆਈ.ਪੀ.ਐੱਸ. ਲਾਅ ਐਂਡ ਆਰਡਰ, ਅਰਸ਼ਦੀਪ ਸਿੰਘ ਥਿੰਦ ਆਈ.ਏ.ਐੱਸ. ਪ੍ਰਬੰਧਕੀ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ, ਬਸੰਤ ਗਰਗ ਆਈ.ਏ.ਐੱਸ. ਪ੍ਰਬੰਧਕੀ ਸਕੱਤਰ ਪਾਵਰ, ਸਨਾਲੀ ਗਿਰੀ ਆਈ.ਏ.ਐੱਸ. ਸਕੱਤਰ ਰੈਵੀਨਿਊ ਅਤੇ ਪੁਨਰਵਾਸ ਸਰਕਾਰ ਵਲੋਂ ਹਾਜ਼ਰ ਹੋਏ | ਕਿਸਾਨ ਆਗੂਆਂ ਕਿਹਾ ਕਿ ਜਿਸ ਤਰੀਕੇ ਨਾਲ ਦੋ ਦਿਨਾਂ ਡੀ.ਸੀ. ਦਫ਼ਤਰ ਮੋਰਚਿਆਂ ਵਿਚ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ, ਇਹ ਉਸ ਦਾ ਪ੍ਰਭਾਵ ਹੈ ਕਿ ਅੱਜ ਪੰਜਾਬ ਸਰਕਾਰ ਬਿਜਲੀ ਬਿੱਲ ਦੇ ਖ਼ਿਲਾਫ਼ ਬੋਲਣ ਨੂੰ ਤਿਆਰ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੱਦੇ ਗਏ ਵਿਧਾਨ ਸਭਾ ਇਜਲਾਸ ਵਿਚ ਇਸ ਬਿੱਲ ਖ਼ਿਲਾਫ਼ ਮਤਾ ਪਾਸ ਕਰੇ | ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਆਰਿਫ਼ ਕੇ ਟੋਲ ਪਲਾਜ਼ਾ ਕੁਝ ਸਮੇਂ ਲਈ ਫ਼ਰੀ ਕੀਤਾ ਤੇ ਸਮੱਸਿਆਵਾਂ ਦੇ ਹੱਲ ਮਗਰੋਂ ਟੋਲ ਤੋਂ ਧਰਨਾ ਚੁੱਕਿਆ ਗਿਆ | ਇਸ ਮੌਕੇ ਗੁਰਮੇਲ ਸਿੰਘ ਫੱਤੇਵਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਸੁਰਜੀਤ ਸਿੰਘ ਫ਼ੌਜੀ, ਅਮਨਦੀਪ ਸਿੰਘ ਕੱਚਰਭੰਨ, ਨਰਿੰਦਰਪਾਲ ਸਿੰਘ ਜਤਾਲਾ, ਧਰਮ ਸਿੰਘ ਸਿੱਧੂ, ਅਵਤਾਰ ਸਿੰਘ ਵਾਹਕਾ, ਵੀਰ ਸਿੰਘ ਨਿਜਾਮਦੀਨ ਵਾਲਾ, ਮੱਸਾ ਸਿੰਘ ਮੱਲਾਂਵਾਲਾ, ਗੁਰਬਖ਼ਸ਼ ਸਿੰਘ ਪੰਜਗਰਾਈਾ, ਮੰਗਲ ਸਿੰਘ ਸਵਾਈਕੇ, ਹਰਫੂਲ ਸਿੰਘ ਦੂਲੇਵਾਲਾ, ਗੁਰਮੁੱਖ ਸਿੰਘ ਕਾਮਲਵਾਲਾ, ਗੁਰਮੇਲ ਸਿੰਘ ਫ਼ਿਰੋਜ਼ਪੁਰ, ਗੁਰਨਾਮ ਸਿੰਘ ਅਲੀਕੇ, ਮੱਖਣ ਸਿੰਘ ਵਾੜਾ, ਗੁਰਭੇਜ ਸਿੰਘ ਟਿੱਬੀ ਸਾਹਿਬ ਸਿੰਘ ਦੀਨੇਕੇ ਆਦਿ ਆਗੂ ਹਾਜ਼ਰ ਸਨ |