ਫ਼ਿਰੋਜ਼ਪੁਰ, 21 ਦਸੰਬਰ (ਸੁਖਵਿੰਦਰ ਸਿੰਘ)-ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਗਸ਼ਤ ਦੌਰਾਨ ਤਿੰਨ ਨਸ਼ੇੜੀਆਂ ਨੂੰ ਸਿਲਵਰ ਪੇਪਰ ਅਤੇ ਲਾਈਟਰ ਸਮੇਤ ਕਾਬੂ ਕਰਕੇ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ 27/61/85 ਐਨ. ਡੀ. ਪੀ. ਐੱਸ. ਐਕਟ ਨਾਨ ਕਮਰਸ਼ੀਅਲ ਤਹਿਤ ਮੁਕੱਦਮਾ ਦਰਜ ਕੀਤਾ | ਜਾਂਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਦੌਰਾਨੇ ਗਸ਼ਤ ਜਦੋਂ ਪੁਲਿਸ ਪਾਰਟੀ ਚਾਵਲਾ ਹੋਟਲ ਤੋਂ ਅੰਦਰ ਸੱਜੇ ਹੱਥ ਗਲੀ ਵਿਚ ਮੁੜੀ ਤਾਂ ਸਾਹਮਣੇ ਮਾਲਵਾ ਖ਼ਾਲਸਾ ਸਕੂਲ ਦੀ ਕੰਧ ਨਾਲ ਦੋ ਨੌਜਵਾਨ ਧੀਮੀ ਜਿਹੀ ਅੱਗ ਜਲਾ ਕੇ ਸ਼ੱਕੀ ਹਾਲਤ ਵਿਚ ਬੈਠੇ ਮਿਲੇ | ਜਿਨ੍ਹਾਂ ਨੂੰ ਕਾਬੂ ਕਰਕੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਅਤੇ ਇੱਥੇ ਸਿਲਵਰ ਵਰਕ 'ਤੇ ਨਸ਼ੇ ਦਾ ਸੇਵਨ ਕਰ ਰਹੇ ਹਨ | ਇਸੇ ਤਰ੍ਹਾਂ ਟੀ.ਬੀ ਹਸਪਤਾਲ ਦੀ ਬੈਕਸਾਈਡ ਪਾਰਕ ਦੇ ਅਗਲੇ ਪਾਸੇ ਖਾਲੀ ਜਗ੍ਹਾ 'ਤੇ ਇਕ ਨੌਜਵਾਨ ਲੜਕਾ ਬੈਠਾ ਦਿਖਾਈ ਦਿੱਤਾ ਜੋ ਮੱਧਮ ਰੌਸ਼ਨੀ ਵਿਚ ਧੰੂਏਾ ਨੂੰ ਨੱਕ ਨਾਲ ਖਿੱਚ ਰਿਹਾ ਸੀ | ਜਦੋਂ ਪੁਲਿਸ ਪਾਰਟੀ ਕੋਲ ਪਹੁੰਚੀ ਤਾਂ ਇਕਦਮ ਖੜ੍ਹਾ ਹੋ ਗਿਆ ਤੇ ਉਸ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ ਅਤੇ ਅੱਜ ਇੱਥੇ ਖਾਲੀ ਜਗ੍ਹਾ 'ਤੇ ਹੈਰੋਇਨ ਦਾ ਸੇਵਨ ਕਰ ਰਿਹਾ ਹੈ | ਪੁਲਿਸ ਨੇ ਕਾਬੂ ਕੀਤੇ ਮੁਲਜ਼ਮ ਆਕਾਸ਼ ਪੁੱਤਰ ਰਜਿੰਦਰ ਕੁਮਾਰ, ਡਿੰਪਲ ਪੁੱਤਰ ਅਜੇ ਕੁਮਾਰ ਵਾਸੀਆਨ ਵਾਰਡ ਨੰਬਰ-6 ਨੇੜੇ ਸ਼ੀਤਲਾ ਮਾਤਾ ਮੰਦਰ ਘੁਮਿਆਰ ਮੰਡੀ ਥਾਣਾ ਕੋਟ ਫ਼ਿਰੋਜ਼ਪੁਰ ਅਤੇ ਹਰਮਨ ਉਰਫ਼ ਅਮਨ ਪੁੱਤਰ ਹਰਬੰਸ ਵਾਸੀ ਜਨਤਾ ਪ੍ਰੀਤ ਨਗਰ ਗੁਰਮੁਖ ਸਿੰਘ ਕਾਲੋਨੀ ਫ਼ਿਰੋਜ਼ਪੁਰ ਸ਼ਹਿਰ ਨੂੰ ਸਿਲਵਰ ਪੇਪਰ ਅਤੇ ਲਾਈਟਰ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ |