ਮੱਲਾਂਵਾਲਾ, 24 ਦਸੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਫ਼ਤਿਹਗੜ੍ਹ ਸਭਰਾ ਚੋਣਾਂ ਦੌਰਾਨ ਕੁਲਵਿੰਦਰ ਕੌਰ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਪਛਾੜਦਿਆਂ ਵੱਡੀ ਬਹੁਮਤ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਜਿਸ ਨਾਲ ਇਲਾਕੇ ਦੇ ਕਾਂਗਰਸੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਹੈ | ਆਪਣੀ ਇਸ ਜਿੱਤ 'ਤੇ ਕੁਲਵਿੰਦਰ ਕੌਰ ਨੇ ਕਿਹਾ ਕਿ ਲੋਕਾਂ ਨੇ ਇਮਾਨਦਾਰ, ਮਿਹਨਤੀ ਅਤੇ ਜਨ-ਸੇਵਾ ਪ੍ਰਤੀ ਵਚਨਬੱਧਤਾ ਵਾਲੇ ਉਮੀਦਵਾਰ ਨੂੰ ਚੋਣ 'ਚ ਜਿਤਾਇਆ ਹੈ, ਜਿਨ੍ਹਾਂ ਦੀ ਉਹ ਤਹਿ ਦਿਲੋਂ ਧੰਨਵਾਦੀ ਹੈ ਅਤੇ ਲੋਕਾਂ ਵਲੋਂ ਪ੍ਰਗਟਾਏ ਵਿਸ਼ਵਾਸ ਦਾ ਉਹ ਰਿਣ ਲੋਕ ਸੇਵਾ ਕਰ ਉਤਾਰਨਗੇ | ਉਨ੍ਹਾਂ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਜ਼ਿਲ੍ਹੇ 'ਚ ਕਾਂਗਰਸ ਹੋਰ ਮਜ਼ਬੂਤ ਹੋਈ ਹੈ, ਜਿਸ ਨਾਲ ਜ਼ਿਲ੍ਹੇ ਅੰਦਰ ਚੋਣ ਨਤੀਜੇ ਬਹੁਤ ਸ਼ਾਨਦਾਰ ਆਏ ਹਨ ਅਤੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਹੈ | ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਜੇਤੂ ਕੁਲਵਿੰਦਰ ਕੌਰ ਨੂੰ ਵਧਾਈਆਂ ਦਿੰਦੇ ਹੋਏ ਸਵਾਗਤ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਉਹ ਲੋਕਾਂ 'ਚ ਵਿਚਰ ਵੱਧ-ਚੜ੍ਹ ਕੇ ਕੰਮ ਕਰਨ |