ਮੱਖੂ, 24 ਦਸੰਬਰ (ਕੁਲਵਿੰਦਰ ਸਿੰਘ ਸੰਧੂ)-ਸੀ.ਪੀ.ਆਈ ਦੀ ਜ਼ਿਲ੍ਹਾ ਪੱਧਰੀ ਕਾਨਫ਼ਰੰਸ ਸੁਖਵਿੰਦਰ ਸਿੰਘ ਘੁੱਦੂਵਾਲਾ, ਤਿ੍ਪਤਾ ਕਾਲੀਆ, ਰਾਜਕੁਮਾਰ ਬਹਾਦਰ ਕੇ ਦੀ ਪ੍ਰਧਾਨਗੀ ਹੇਠ ਮੱਖੂ ਵਿਖੇ ਹੋਈ | ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਰਸ਼ਪਾਲ ਸਿੰਘ ਸੰਧੂ ਵਲੋਂ ਬਾਖ਼ੂਬੀ ਨਿਭਾਈ | ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ 78 ਦੇ ਕਰੀਬ ਡੈਲੀਗੇਟਾਂ ਨੇ ਭਾਗ ਲਿਆ | ਸਭ ਤੋਂ ਪਹਿਲੇ ਕਾਮਰੇਡ ਹਰਦੀਪ ਗਿੱਲ ਵਕੀਲ ਵਲੋਂ ਪਾਰਟੀ ਦਾ ਝੰਡਾ ਲਹਿਰਾਇਆ ਗਿਆ ਅਤੇ ਡੈਲੀਗੇਟਾਂ ਨੇ ਜੈਕਾਰੇ ਲਗਾ ਕੇ ਝੰਡੇ ਨੂੰ ਸਲਾਮੀ ਦਿੱਤੀ | ਕਾਨਫ਼ਰੰਸ ਦਾ ਉਦਘਾਟਨ ਸੂਬਾਈ ਆਗੂ ਕਾਮਰੇਡ ਅਮਰਜੀਤ ਸਿੰਘ ਆਸਲ ਵਲੋਂ ਕੀਤਾ ਗਿਆ | ਉਨ੍ਹਾਂ ਵਲੋਂ ਮੌਜੂਦਾ ਹਾਲਤਾਂ ਦਾ ਵਰਣਨ ਕਰਦਿਆਂ ਕਿਹਾ ਕੇਂਦਰ ਦੀ ਮੋਦੀ ਸਰਕਾਰ ਵਿਦੇਸ਼ੀਆਂ ਅਤੇ ਸਾਮਰਾਜੀਆਂ ਖ਼ਾਸ ਤੌਰ 'ਤੇ ਅਮਰੀਕਾ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ਦੇਸ਼ ਦਾ ਸਰਮਾਏ ਨੂੰ ਕਾਰਪੋਰੇਟਾਂ ਕੋਲ ਵੇਚ ਰਹੀ ਹੈ ਅਤੇ ਮਿਹਨਤਕਸ਼ ਆਮ ਲੋਕਾਂ ਦਾ ਘਾਣ ਕਰ ਰਹੀ ਹੈ | ਸਟੇਟ ਆਗੂ ਕਾਮਰੇਡ ਨਰਿੰਦਰ ਕੌਰ ਸੋਹਣ ਨੇ ਕਿਹਾ ਕਿ ਮੋਦੀ ਸਰਕਾਰ ਬਿਜਲੀ ਸੈਕਟਰ ਦੀ ਵੰਡ ਸਿਸਟਮ ਨੂੰ ਵੀ ਨਿੱਜੀ ਹੱਥਾਂ ਵਿਚ ਦੇਣ ਦੀ ਤਿਆਰੀਆਂ ਕਰ ਚੁੱਕੀ ਹੈ ਅਤੇ ਬਿਜਲੀ ਸੋਧ ਬਿੱਲ 202 ਪਾਸ ਕਰਨ ਵਾਸਤੇ ਪੱਬਾਂ ਪਾਰ ਹੋ ਕੇ ਜ਼ੋਰ ਲਾ ਰਹੀ ਹੈ ਮਨਰੇਗਾ ਕਾਨੂੰਨ ਦਾ ਵੀ ਸਰੂਪ ਵਿਗਾੜਿਆ ਜਾ ਰਿਹਾ ਹੈ ਅਤੇ ਮਨਰੇਗਾ ਦੀ ਥਾਂ ਤੇ ਨਵਾਂ ਐਕਟ ਪਾਰਲੀਮੈਂਟ ਵਿਚ ਪਾਸ ਕਰਕੇ ਗ਼ਰੀਬਾਂ ਦੇ ਚੁਲੇ ਠੰਢੇ ਕਰਨ ਜਾ ਰਹੀ ਹੈ ਅਤੇ ਜਿਸ ਦਾ ਅਸੀਂ ਸਖ਼ਤ ਸ਼ਬਦਾਂ ਵਿਚ ਵਿਰੋਧ ਕਰਦੇ ਹਾਂ | ਕਾਮਰੇਡ ਕਸ਼ਮੀਰ ਸਿੰਘ ਜ਼ਿਲ੍ਹਾ ਸਕੱਤਰ ਵਲੋਂ ਪਿਛਲੇ ਤਿੰਨਾਂ ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਗਈ ਪਿਛਲੇ ਤਿੰਨਾਂ ਸਾਲਾਂ ਵਿਚ ਪਾਰਟੀ ਵਲੋਂ ਕੀਤੇ ਗਏ ਕੰਮਾਂ ਦਾ ਲੇਖਾ ਜੋਖਾ ਅਤੇ ਆਉਣ ਵਾਲੇ ਤਿੰਨਾਂ ਸਾਲਾਂ ਦੀ ਵਿਉਂਤਬੰਦੀ ਇਸ ਕਾਨਫ਼ਰੰਸ ਵਿਚ ਤਿਆਰ ਕੀਤੀ ਗਈ ਅਤੇ ਸਮੂਹ ਡੈਲੀਗੇਟਾਂ ਵਲੋਂ ਸਰਬ ਸੰਮਤੀ ਨਾਲ ਰਿਪੋਰਟ ਨੂੰ ਪਾਸ ਕੀਤਾ | ਸੀ.ਪੀ.ਆਈ ਪਾਰਟੀ ਨੇ ਫ਼ੈਸਲਾ ਕੀਤਾ ਕਿ ਜੋ ਮਨਰੇਗਾ ਬਾਰੇ ਕਾਨੂੰਨ ਕੇਂਦਰ ਸਰਕਾਰ ਨੇ ਪਹਿਲਾ ਖ਼ਤਮ ਕਰਕੇ ਨਵਾਂ ਕਾਨੂੰਨ ਲਿਆਉਣ ਦਾ ਪ੍ਰੋਪੋਗੰਡਾ ਕੀਤਾ ਹੈ ਇਸ ਕਾਨੂੰਨ ਦਾ ਜ਼ਿਲ੍ਹਾ ਪੱਧਰ ਤੇ ਡਟ ਕੇ ਵਿਰੋਧ ਕੀਤਾ ਜਾਵੇਗਾ | ਸਿਹਤ, ਸਿੱਖਿਆ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈ ਤੇ ਬਿਮਾਰ ਆਦਮੀ ਆਪਣਾ ਇਲਾਜ ਕਰਵਾਉਣ ਲਈ ਆਪਣੀਆਂ ਜ਼ਮੀਨਾਂ ਵੇਚ ਰਹੇ ਹਨ ਅਸੀਂ ਇਸ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ ਅਤੇ ਅਸੀਂ ਆਮ ਜਨਤਾ ਦੇ ਨਾਲ ਖੜੇ ਹਾਂ | ਅੰਤ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ 27 ਮੈਂਬਰੀ ਜ਼ਿਲ੍ਹਾ ਕੌਂਸਲ ਦੀ ਨਵੀਂ ਚੋਣ ਕੀਤੀ ਗਈ | ਜ਼ਿਲ੍ਹਾ ਕੌਂਸਲ ਵਿਚ ਕਾਮਰੇਡ ਕਸ਼ਮੀਰ ਸਿੰਘ ਨੂੰ ਸਰਬ ਸੰਮਤੀ ਨਾਲ ਜ਼ਿਲ੍ਹਾ ਸਕੱਤਰ ਦੁਬਾਰਾ ਚੁਣ ਲੈ ਗਿਆ | ਇਸ ਮੌਕੇ ਚਰਨਜੀਤ ਸਿੰਘ ਛਾਂਗਾ ਰਾਏ, ਢੋਲਾ ਮਾਹੀ, ਗੁਰਨਾਮ ਸਿੰਘ ਮਮਦੋਟ, ਨਛੱਤਰ ਸਿੰਘ, ਕਾਮਰੇਡ ਕੁਲਵੰਤ ਸਿੰਘ, ਗੁਰਵਿੰਦਰ ਸਿੰਘ, ਬਲਵੀਰ ਸਿੰਘ ਅਲੀਪੁਰ, ਰਤਨ ਸਿੰਘ ਮੱਖੂ, ਬਲਕਾਰ ਸਿੰਘ ਮੱਖੂ, ਅਰੂੜ੍ਹ ਸਿੰਘ ਮੱਖੂ, ਅਮਰਜੀਤ ਸਿੰਘ, ਗੁਰਦੇਵ ਸਿੰਘ ਮੱਖੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਡੈਲੀਗੇਟ ਹਾਜ਼ਰ ਸਨ | ਅੰਤ ਵਿਚ ਕਾਮਰੇਡ ਆਗੂ ਤਰਸੇਮ ਸਿੰਘ ਹਰਾਜ ਵਲੋਂ ਸਮੂਹ ਡੈਲੀਗੇਟਾਂ ਅਤੇ ਪ੍ਰਬੰਧਕਾਂ ਨੂੰ ਸਫਲ ਕਾਨਫ਼ਰੰਸ ਕਰਵਾਉਣ ਤੇ ਵਧਾਈ ਦਿੱਤੀ |