ਬਠਿੰਡਾ, 4 ਜੂਨ (ਵੀਰਪਾਲ ਸਿੰਘ)-ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਹਵਾਲਾਤੀ ਨਾਲ ਮੁਲਾਕਾਤ ਕਰਨ ਆਈ ਹਵਾਲਾਤੀ ਦੀ ਪਤਨੀ ਕੋਲੋਂ ਨਸ਼ੀਲਾ ਪਾਊਡਰ, ਕੈਪਸੂਲ ਅਤੇ ਤੰਬਾਕੂ ਬਰਾਮਦ ਹੋਇਆ ਹੈ | ਤਫ਼ਤੀਸ਼ੀ ਅਧਿਕਾਰੀ ਬਹਾਦਰ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਵਲੋਂ ਪਰਚਾ ਦਰਜ ਕਰਨ ਸਬੰਧੀ ਭੇਜੀ ਦਰਖਾਸਤ 'ਚ ਕਿਹਾ ਗਿਆ ਕਿ ਹਵਾਲਾਤੀ ਬਲਜੀਤ ਸਿੰਘ ਵਾਸੀ ਚੰਦਭਾਨ ਜ਼ਿਲ੍ਹਾ ਫਰੀਦਕੋਟ ਦੀ ਪਤਨੀ ਜਸਵੀਰ ਕੌਰ ਆਪਣੇ ਪਤੀ ਨਾਲ ਮੁਲਾਕਾਤ ਕਰਨ ਲਈ ਕੇਂਦਰੀ ਜੇਲ੍ਹ ਬਠਿੰਡਾ ਆਈ ਸੀ | ਜੇਲ੍ਹ ਗੇਟ 'ਤੇ ਤਲਾਸ਼ੀ ਦੌਰਾਨ ਉਕਤ ਪਾਸੋਂ 12 ਪਾਰਦਰਸ਼ੀ ਪਲਾਸਟਿਕ ਦੀਆਂ ਬਾਰੀਕ ਪਾਇਪਾਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਵਜੋਂ 3 ਪਾਇਪਾਂ ਵਿਚ ਚਿੱਟੇ ਰੰਗ ਦਾ 51 ਗ੍ਰਾਮ ਪਾਊਡਰ, ਤਿੰਨ ਪਾਇਪਾਂ ਵਿਚੋਂ 40 ਨਸ਼ੇ ਦੇ ਕੈਪਸੂਲ, 6 ਪਾਇਪਾਂ ਵਿਚ ਤੰਬਾਕੂ ਬਰਾਮਦ ਹੋਇਆ ਹੈ | ਜੋ ਹਵਾਲਾਤੀ ਬਲਜੀਤ ਸਿੰਘ ਵਲੋਂ ਮੰਗਵਾਇਆ ਗਿਆ ਸੀ | ਜਿਸ ਮਗਰੋਂ ਔਰਤ ਨੂੰ ਹਿਰਾਸਤ ਵਿਚ ਲੈ ਲਿਆ ਗਿਆ | ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਕੈਂਟ ਵਿਖੇ ਪਤੀ-ਪਤਨੀ 'ਤੇ ਮੁਕੱਦਮਾ ਦਰਜ ਕਰ ਲਿਆ ਹੈ |