ਮੌੜ ਮੰਡੀ, 4 ਜੂਨ (ਗੁਰਜੀਤ ਸਿੰਘ ਕਮਾਲੂ)-ਭਾਵੇਂ ਕਿ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ 31 ਮਈ ਤੱਕ ਪੰਜਾਬ ਵਿਚੋਂ ਨਸ਼ਾ ਖਤਮ ਕਰ ਦਿੱਤਾ ਗਿਆ ਹੈ ਪਰ ਸਰਕਾਰ ਦਾ ਇਹ ਸਿਰਫ਼ ਇਕ ਡਰਾਮਾ ਹੀ ਬਣਕੇ ਰਹਿ ਗਿਆ ਹੈ | ਕਿਉਂਕਿ ਪੰਜਾਬ ਵਿਚ ਨਸ਼ਾ ਅੱਜ ਵੀ ਬਹੁਤ ਜ਼ਿਆਦਾ ਵਿਕ ਰਿਹਾ ਹੈ | ਨਸ਼ਾ ਤਸਕਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਨਸ਼ਾ ਵੇਚਣ ਤੋਂ ਰੋਕਣ ਵਾਲਿਆਂ ਉਪਰ ਜਾਨਲੇਵਾ ਹਮਲੇ ਵੀ ਕਰ ਰਹੇ ਹਨ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪਿੰਡ ਭਾਈ ਬਖਤੌਰ ਵਿਖੇ ਕੁੱਟਮਾਰ ਦੇ ਪੀੜ੍ਹਤ ਸੂਬੇਦਾਰ ਦੇ ਪਰਿਵਾਰਿਕ ਮੈਂਬਰਾਂ ਅਤੇ ਨਸ਼ਾ ਰੋਕੂ ਕਮੇਟੀ ਦੇ ਮੈਂਬਰਾਂ ਲਖਵੀਰ ਸਿੰਘ, ਜੱਸੀ ਸਿੰਘ ਆਦਿ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਨਸ਼ਾ ਪੰਜਾਬ ਵਿਚ ਅੱਜ ਵੀ ਚਰਮ ਸੀਮਾ 'ਤੇ ਹੈ | ਪੁਲਿਸ ਨਸ਼ਾ ਰੋਕਣ ਵਿਚ ਨਾਕਾਮ ਹੈ, ਕਿੳਾੁਕਿ ਥਾਣਿਆਂ ਵਿਚ ਪੁਲਿਸ ਬਹੁਤ ਘੱਟ ਹੈ | ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪੁਲਿਸ ਨੇ ਪਹਿਲਾਂ ਹੀ ਲੋਕਾਂ ਦੇ ਕਹੇ ਤੋਂ ਤਸਕਰਾਂ ਖਿਲਾਫ਼ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਕ ਫੌਜੀ ਜਵਾਨ ਦੀਆਂ ਲੱਤਾਂ ਸਲਾਮਤ ਹੁੰਦੀਆਂ | ਪੰਜਾਬ ਦੀ ਸਰਕਾਰ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ | ਪੁਲਿਸ ਮੂਕ ਦਰਸ਼ਕ ਦੇਖ ਰਹੀ ਹੈ | ਉਨ੍ਹਾਂ ਸਵਾਲ ਕੀਤਾ ਕਿ ਜੋ ਲੋਕ ਨਸ਼ਿਆਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ | ਉਨ੍ਹਾਂ ਦੀ ਹਿਫ਼ਾਜ਼ਤ ਕੌਣ ਕਰੇਗਾ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਜਗਦੇਵ ਸਿੰਘ ਕਮਾਲੂ, ਸੁਖਦੀਪ ਸਿੰਘ ਰਾਮਨਗਰ ਬਲਾਕ ਪ੍ਰਧਾਨ, ਸ਼ੰਮੀ ਜੈਲਦਾਰ ਆਦਿ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ |
ਪੰਜਾਬ ਸਰਕਾਰ ਦਾ ਨਸ਼ਿਆਂ ਵਿਰੁੱਧ ਯੁੱਧ ਮਹਿਜ਼ ਇਕ ਡਰਾਮਾ ਹੈ- ਰਾਜਾ ਵੜਿੰਗ
ਅਜੀਤ ਡੈਸਕ
05-06-2025