ਨਥਾਣਾ, 4 ਜੂਨ (ਗੁਰਦਰਸ਼ਨ ਲੁੱਧੜ)- ਪਿੰਡ ਗੰਗਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਨੌਜਵਾਨਾਂ ਵਲੋਂ ਪਿੰਡ ਵਿਚ ਪੰਛੀਆਂ ਦੇ ਰਹਿਣ-ਬਸੇਰੇ ਲਈ ਵਿਸ਼ੇਸ਼ ਉੱਦਮ ਕੀਤਾ ਗਿਆ ਹੈ | ਨੌਜਵਾਨਾਂ ਵਲੋਂ ਪਿੰਡ ਵਿਚ ਸਾਂਝੀਆਂ ਥਾਵਾਂ ਦੇ ਰੁੱਖਾਂ ਅਤੇ ਗਲੀਆਂ ਵਿਚ ਸਥਿਤ ਉੱਚੇ ਖੰਭਿਆਂ ਉੱਪਰ ਸੁਰਾਖ਼ਾਂ ਵਾਲੇ ਘੜੇ ਫਿੱਟ ਕਰ ਦਿੱਤੇ ਗਏ ਹਨ | ਜਿਨ੍ਹਾਂ ਵਿਚ ਹਵਾ ਦੀ ਕਰਾਸਿੰਗ ਲਈ ਸੁਰਾਖ਼ ਕੀਤੇ ਗਏ ਹਨ, ਇੰਨ੍ਹਾਂ ਘੜਿਆਂ ਨਜ਼ਦੀਕ ਪੰਛੀਆਂ ਦੇ ਪੀਣ ਲਈ ਪਾਣੀ ਵਾਲੇ ਬਰਤਨ ਵੀ ਟੰਗੇ ਗਏ ਹਨ | ਨੌਜਵਾਨਾਂ ਨੇ ਦੱਸਿਆ ਕਿ ਪਿੰਡ ਵਿਚ ਪੰਛੀਆਂ ਦੇ ਰਹਿਣ-ਬਸੇਰੇ ਲਈ ਲਗਭਗ 100 ਥਾਵਾਂ ਉੱਤੇ ਇਹ ਆਲ੍ਹਣੇ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ | ਉੱਚੇ ਥਾਵਾਂ 'ਤੇ ਫਿੱਟ ਕੀਤੇ ਘੜਿਆਂ ਵਿਚ ਪੰਛੀ ਡੱਕੇ ਅਤੇ ਪੱਤੇ ਚਿਣਕੇ ਆਪਣੇ ਆਲ੍ਹਣੇ ਬਣਾ ਸਕਣਗੇ | ਉਨ੍ਹਾਂ ਦੇ ਨਜ਼ਦੀਕ ਟੰਗੇ ਬਰਤਨਾਂ ਵਿਚੋਂ ਆਪਣੀ ਪਿਆਸ ਬੁਝਾਉਣ ਲਈ ਪਾਣੀ ਪੀਣ ਦਾ ਸਰੋਤ ਹਾਸਲ ਕਰ ਸਕਣਗੇ | ਵਾਤਾਵਰਨ ਪ੍ਰੇਮੀਆਂ ਨੇ ਨੌਜਵਾਨਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪਿੰਡ ਵਿਚ ਪੰਛੀਆਂ ਲਈ ਰਹਿਣ-ਬਸੇਰਾ ਕਰਨਾ ਸੁਖਾਲਾ ਹੋਵੇਗਾ ਅਤੇ ਪੰਛੀਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ |