ਭਾਈਰੂਪਾ, 4 ਜੂਨ (ਵਰਿੰਦਰ ਲੱਕੀ)-ਨਗਰ ਪੰਚਾਇਤ ਭਾਈਰੂਪਾ ਦੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਂਦੇ ਹੋਏ ਅੱਜ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਪਿਛਲੇ ਦਿਨੀਂ ਲਗਭਗ 1 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ | ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਨਗਰ ਦੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵਸਨੀਕਾਂ ਦੀ ਜੀਵਨ ਸ਼ੈਲੀ ਨੂੰ ਸੁਖਾਲਾ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਹਨ | ਇਨ੍ਹਾਂ ਕਾਰਜਾਂ ਵਿਚ ਸੜਕਾਂ ਦੀ ਮੁਰੰਮਤ, ਨਾਲੀਆਂ ਦੀ ਨਿਰਮਾਣ ਅਤੇ ਮੁਰੰਮਤ, ਅਤੇ ਜਨਤਕ ਸਹੂਲਤਾਂ ਜਿਵੇਂ ਕਿ ਬਾਥਰੂਮਾਂ ਦੀ ਉਸਾਰੀ ਸ਼ਾਮਲ ਹਨ, ਜੋ ਨਗਰ ਦੇ ਸਰਵਪੱਖੀ ਵਿਕਾਸ ਦੀ ਦਿਸ਼ਾ ਵਿਚ ਮੀਲ ਪੱਥਰ ਸਾਬਤ ਹੋਣਗੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਕਾਸ ਕਾਰਜਾਂ ਵਿਚ ਸਭ ਤੋਂ ਪ੍ਰਮੁੱਖ ਪ੍ਰਾਜੈਕਟ ਵਜੋਂ ਪੁਰਾਣੀਆਂ ਇੰਟਰਲਾਕ ਸੜਕਾਂ ਨੂੰ ਪੁੱਟ ਕੇ ਨਵੀਂ ਥਾਂ 'ਤੇ ਲਗਾਉਣ ਦਾ ਕੰਮ ਸ਼ਾਮਲ ਹੈ, ਜਿਸ ਲਈ ਲਗਭਗ 20 ਲੱਖ ਰੁਪਏ ਦੀ ਰਾਸ਼ੀ ਰੱਖੀ ਗਈ ਹੈ, ਇਸ ਤੋਂ ਇਲਾਵਾ, ਨਗਰ ਦੀਆਂ ਨਾਲੀਆਂ ਦੀ ਉਸਾਰੀ ਅਤੇ ਮੁਰੰਮਤ ਲਈ 24 ਲੱਖ ਰੁਪਏ ਦਾ ਬਜਟ ਨਿਰਧਾਰਤ ਕੀਤਾ ਗਿਆ ਵੱਖ-ਵੱਖ ਥਾਵਾਂ 'ਤੇ ਨਵੇਂ ਨਾਲੇ ਬਣਾਉਣ ਲਈ 26 ਲੱਖ ਰੁਪਏ ਦੀ ਵਿਵਸਥਾ ਕੀਤੀ ਗਈ ਹੈ | ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਦੇ ਹਰ ਨਗਰ ਅਤੇ ਪਿੰਡ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨਾ ਹੈ, ਨਗਰ ਪੰਚਾਇਤ ਭਾਈਰੂਪਾ ਵਿਚ ਸ਼ੁਰੂ ਕੀਤੇ ਗਏ ਇਹ ਪ੍ਰਾਜੈਕਟ ਸਥਾਨਕ ਵਸਨੀਕਾਂ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹਨ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪਾਰਦਰਸ਼ੀ ਅਤੇ ਜਵਾਬਦੇਹ ਢੰਗ ਨਾਲ ਵਿਕਾਸ ਕਾਰਜਾਂ ਨੂੰ ਅਮਲ ਵਿਚ ਲਿਆਉਣ ਲਈ ਵਚਨਬੱਧ ਹੈ | ਇਸ ਮੌਕੇ ਉਨ੍ਹਾਂ ਨਾਲ ਜਸਵੀਰ ਸਿੰਘ ਸਾਬਕਾ ਕੌਂਸਲਰ, ਸੁਰਜੀਤ ਸਿੰਘ ਬਰਾੜ ਸਾਬਕਾ ਮੀਤ ਪ੍ਰਧਾਨ, ਜਗਰਾਜ ਸਿੰਘ ਬਰਾੜ, ਸਰਪੰਚ ਸ਼ਗਨਦੀਪ ਕੌਰ, ਗੁਰਸੇਵਕ ਸਿੰਘ ਬਾਬੇਕਾ, ਗੁਰਚਰਨ ਸਿੰਘ ਫੌਜੀ, ਦੀਪ ਜੰਡੂ, ਪਰਮਜੀਤ ਸਿੰਘ ਪੰਮਾ, ਗੁਰਤੇਜ ਸਿੰਘ ਗੇਜਾ, ਗੋਰਾ ਸਿੰਘ ਜਵੰਧਾ, ਰਾਹੁਲ ਗਰਗ, ਬਲਜਿੰਦਰ ਸਿੰਘ ਬਗੀਚਾ ਆਦਿ ਤੋਂ ਇਲਾਵਾ ਨਗਰ ਪੰਚਾਇਤ ਭਾਈਰੂਪਾ ਨਾਲ ਸਬੰਧਿਤ ਪ੍ਰਸ਼ਾਸ਼ਨਿਕ ਅਧਿਕਾਰੀ ਹਾਜ਼ਰ ਸਨ |