ਭੁੱਚੋ ਮੰਡੀ, 4 ਜੂਨ (ਬਿੱਕਰ ਸਿੰਘ ਸਿੱਧੂ)- ਭਾਰਤ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ (ਲੜਕੇ) ਵਿਖੇ 7 ਰੋਜ਼ਾ ਭਾਰਤੀ ਭਾਸ਼ਾ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ | ਸਕੂਲ ਇੰਚਾਰਜ ਦਵਿੰਦਰ ਪਾਲ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਰ ਕੈਂਪ ਵਿਚ ਛੇਵੀਂ ਤੋਂ ਦਸਵੀਂ ਜਮਾਤ ਦੇ ਕੁਲ 90 ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ | ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਆਪਣੀ ਮਾਤ੍ਰ ਭਾਸ਼ਾ ਤੋਂ ਇਲਾਵਾ ਭਾਰਤ ਦੀਆਂ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਫੁੱਲਿਤ ਕਰਨਾ ਅਤੇ ਵਿਦਿਆਰਥੀਆਂ ਵਿਚ ਵੱਖ-ਵੱਖ ਭਾਸ਼ਾਵਾਂ ਦੀ ਮੁੱਢਲੀ ਜਾਣਕਾਰੀ ਤੇ ਗੱਲਬਾਤ ਕਰਨ ਦੇ ਤਰੀਕੇ ਨੂੰ ਸਮਝਣਾ ਸੀ | ਸਮਰ ਕੈਂਪ ਅਧੀਨ ਸਕੂਲ ਦੇ ਭਾਸ਼ਾ ਅਧਿਆਪਕਾਂ ਰੇਨੂੰ ਬਾਲਾ, ਸਰਬਜੀਤ ਕੌਰ, ਕੰਚਨ ਸਿੰਗਲਾ, ਲਵਨੀਤ ਕੌਰ, ਪ੍ਰਨੀਤ ਕੌਰ ਵਲੋਂ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਸੰਬੰਧੀ ਮੁੱਢਲੀ ਜਾਣਕਾਰੀ ਅਤੇ ਗਿਆਨ ਦਿੱਤਾ ਗਿਆ | ਵਿਦਿਆਰਥੀਆਂ ਨੂੰ ਬਹੁਤ ਹੀ ਰੋਚਕ ਤਰੀਕੇ ਨਾਲ ਤੇਲਗੂ ਭਾਸ਼ਾ ਵਿੱਚ ਆਮ ਗੱਲਬਾਤ ਦੀਆਂ ਗੱਲਾਂ, ਤੇਲਗੂ ਭਾਸ਼ਾ ਵਿਚ ਗਿਣਤੀ, ਮਸਾਲਿਆਂ ਦੇ ਨਾਮ, ਪਹਾੜਾਂ ਦੇ ਨਾਮ, ਨਾਚ ਸਿਖਾਇਆ ਗਿਆ ਅਤੇ ਵਿਦਿਆਰਥੀਆਂ ਵਲੋਂ ਭਾਰਤ ਦੇਸ਼ ਦੇ ਭਾਸ਼ਾਵੀਂ ਅਤੇ ਸੱਭਿਆਚਾਰਕ ਏਕਤਾ ਦਾ ਅਨੁਭਵ ਕੀਤਾ ਗਿਆ |