ਕੋਟਫੱਤਾ, 4 ਜੂਨ (ਰਣਜੀਤ ਸਿੰਘ ਬੁੱਟਰ)-ਭਾਰਤ ਮਾਲਾ ਸੜਕ ਜੋ ਸ਼ੇਰਗੜ੍ਹ ਤੋਂ ਹੋਕੇ ਕੋਟਸ਼ਮੀਰ 'ਚ ਦਾਖਲ ਹੁੰਦੀ ਹੈ ਦੀ ਕੋਟਸ਼ਮੀਰ ਕੋਲ ਬੁਰਜੀ ਨੰਬਰ ਸੀ.ਐੱਚ-145.270 ਨਜ਼ਦੀਕ ਕਿਸਾਨਾਂ ਦੇ ਖੇਤਾਂ ਵਿਚ ਜਾਣ ਵਾਲੇ ਰਸਤੇ 'ਤੇ ਬਣ ਰਹੇ ਪੁਲ ਨੂੰ ਚੌੜਾ ਤੇ ਉੱਚਾ ਚੁੱਕਣ ਦੀ ਮੰਗ ਕਰ ਰਹੇ ਕਿਸਾਨਾਂ ਨੇ ਠੇਕੇਦਾਰ ਦੁਆਰਾ ਆਪਣੀ ਸੁਣਵਾਈ ਨਾ ਕਰਨ ਨੂੰ ਲੈ ਕੇ ਸੜਕ 'ਤੇ ਬਣ ਰਹੇ ਪੁਲ ਦਾ ਨਿਰਮਾਣ ਕਾਰਜ ਰੋਕ ਦਿੱਤਾ | ਸੜਕ ਦੇ ਦੂਸਰੇ ਪਾਸੇ ਦੇ ਖੇਤਾਂ ਦੇ ਮਾਲਕ ਕਿਸਾਨਾਂ ਜਰਨੈਲ ਸਿੰਘ, ਜਗਰਾਜ ਸਿੰਘ, ਸੁਖਰਾਜ ਸਿੰਘ, ਲਛਮਣ ਸਿੰਘ, ਹਰਜਿੰਦਰ ਸਿੰਘ, ਪਰਮਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਮੇਲ ਸਿੰਘ ਤੇ ਹਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖੇਤੀ ਦੇ ਸੰਦਾਂ ਜਿਵੇਂ ਟਰੈਕਟਰ, ਟਰਾਲੀ, ਕੰਬਾਈਨ ਤੇ ਹੋਰ ਸੰਦਾਂ ਆਦਿ ਨੂੰ ਲੰਘਾਉਣ ਨੂੰ ਲੈ ਕੇ ਪੁਲ ਨੂੰ 16 ਫੁੱਟ ਉੱਚਾ ਤੇ 16 ਫੁੱਟ ਚੌੜਾ ਕਰਨ ਦੀ ਲੋੜ ਹੈ, ਜਦਕਿ ਠੇਕੇਦਾਰ ਪੁਲ ਨੂੰ 10 ਫੁੱਟ ਉੱਚਾ ਤੇ 10 ਫੁੱਟ ਚੌੜਾ ਰੱਖ ਰਿਹਾ ਹੈ | ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਖੇਤਾਂ ਨੂੰ ਜਾਣ ਦਾ ਇਹ ਇੱਕੋ ਇੱਕ ਰਸਤਾ ਹੈ ਤੇ ਉਨ੍ਹਾਂ ਨੂੰ ਖੇਤਾਂ ਵਿਚੋਂ ਹਾੜੀ ਸਾਉਣੀ ਦੀ ਫ਼ਸਲ ਕੱਟਣ ਲਈ ਹਰ ਛੇ ਮਹੀਨੇ ਬਾਅਦ ਕੰਬਾਈਨ ਦੀ ਜ਼ਰੂਰਤ ਪੈਂਦੀ ਹੈ, ਜਿਸ ਲਈ ਉਨ੍ਹਾਂ ਨੂੰ ਉੱਚੇ ਤੇ ਚੌੜੇ ਪੁਲ ਦੀ ਲੋੜ ਹੈ | ਜਦੋਂ ਇਸ ਸਾਰੇ ਮਾਮਲੇ ਸੰਬੰਧੀ ਸੜਕ ਦੇ ਠੇਕੇਦਾਰ ਮਾਧਵ ਤਿਵਾੜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸੰਬੰਧੀ ਸਰਕਾਰ ਨਾਲ ਗੱਲ ਕਰਕੇ ਹੀ ਪੁਲ ਨੂੰ ਚੌੜਾ ਤੇ ਉੱਚਾ ਕਰ ਸਕਦੇ ਹਨ |