22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸਰਦੂਲਗੜ੍ਹ ਤੇ ਚਾਂਦਪੁਰਾ ਨੇੜੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਘਟਿਆ, ਲੋਕਾਂ ਨੇ ਲਿਆ ਸੁੱਖ ਦਾ ਸਾਹ <br/>

Ad Position 21
No active advertisement
ਅਜੀਤ ਡੈਸਕ 31-08-2025
ਮਾਨਸਾ/ਸਰਦੂਲਗੜ੍ਹ, 30 ਅਗਸਤ (ਬਲਵਿੰਦਰ ਸਿੰਘ ਧਾਲੀਵਾਲ/ਜੀ.ਐਮ.ਅਰੋੜਾ)- ਜ਼ਿਲੇ੍ਹ 'ਚੋਂ ਲੰਘਦੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਘਟ ਗਿਆ ਹੈ | ਅਜਿਹੀ ਖ਼ਬਰ ਸੁਣਦਿਆਂ ਹੀ ਨੇੜੇ ਵੱਸਦੇ ਲੋਕਾਂ ਨੇ ਸੱੁਖ ਦਾ ਸਾਹ ਲਿਆ ਹੈ | ਸਰਕਾਰੀ ਬੁਲਾਰੇ ਨੇ ਦੱਸਿਆ ਕਿ ਚਾਂਦਪੁਰਾ ਸਾਈਫ਼ਨ ਕੋਲ ਪਾਣੀ 3 ਫੁੱਟ 'ਤੇ ਚੱਲ ਰਿਹਾ ਹੈ ਜਦਕਿ 2 ਦਿਨ ਪਹਿਲਾਂ 5 ਫੁੱਟ ਸੀ | ਇਸੇ ਤਰ੍ਹਾਂ ਸਰਦੂਲਗੜ੍ਹ ਸ਼ਹਿਰ ਦੀ ਹਿੱਕ ਨਾਲ ਖਹਿ ਕੇ ਲੰਘਦੇ ਇਸ ਦਰਿਆ 'ਚ ਪਾਣੀ ਦਾ ਪੱਧਰ ਘਟ ਕੇ 19 ਫੁੱਟ 'ਤੇ ਆ ਗਿਆ ਹੈ | ਬੀਤੇ ਕੱਲ੍ਹ ਇੱਥੇ ਪਾਣੀ 21 ਫੁੱਟ 'ਤੇ ਵਗ ਰਿਹਾ ਸੀ | ਗੁਆਂਢੀ ਰਾਜਾਂ 'ਚ ਪਈਆਂ ਬਾਰਸ਼ਾਂ ਅਤੇ ਪਟਿਆਲਾ ਕੋਲ ਇਸ ਦਰਿਆ 'ਚ ਵਧ ਰਹੇ ਪਾਣੀ ਤੋਂ ਲੋਕਾਂ 'ਚ ਬੀਤੀ ਰਾਤ ਤੋਂ ਚਿੰਤਾ ਪਾਈ ਜਾ ਰਹੀ ਸੀ ਕਿ ਇੱਧਰ ਵੀ ਪਾਣੀ ਦਾ ਚੜ੍ਹਾਅ ਹੋਰ ਸਕਦਾ ਹੈ | ਦੱਸਣਯੋਗ ਹੈ ਕਿ ਚਾਂਦਪੁਰਾ ਤੇ ਸਰਦੂਲਗੜ੍ਹ ਨੇੜੇ ਵੱਸਦੇ ਪਿੰਡਾਂ ਦੇ ਲੋਕਾਂ ਤੇ ਨੇੜਲੇ ਖੇਤਾਂ ਵਾਲੇ ਦਿਨ ਰਾਤ ਰਾਖੀ ਕਰ ਰਹੇ ਹਨ | ਸਰਦੂਲਗੜ੍ਹ ਤੋਂ ਹੱਕਤਾਲਾ ਰੋਡ ਤੇ ਕਿਸਾਨ ਬੰਨ੍ਹ ਵੀ ਲੋਕਾਂ ਨੇ ਮਜ਼ਬੂਤ ਕਰ ਦਿੱਤਾ ਹੈ | ਬੀਤੀ ਸ਼ਾਮ ਜ਼ਿਲੇ੍ਹ 'ਚ ਕਿਣ-ਮਿਣ ਹੋਈ ਜਦਕਿ ਅੱਜ ਮੌਸਮ ਸਾਫ਼ ਰਿਹਾ | ਬੁਢਲਾਡਾ ਹਲਕੇ ਦੇ ਵਿਧਾਇਕ ਬੁੱਧ ਰਾਮ ਨੇ ਚਾਂਦਪੁਰਾ ਬੰਨ੍ਹ 'ਤੇ ਵਿਸ਼ੇਸ਼ ਨਜ਼ਰ ਰੱਖੀ ਹੋਈ ਹੈ ਅਤੇ ਉਹ ਹਰ ਦੂਸਰੇ ਦਿਨ ਬੰਨ੍ਹ 'ਤੇ ਗੇੜੀ ਲਗਾਉਂਦੇ ਹਨ ਜਦਕਿ ਵਿਭਾਗਾਂ ਦੇ ਅਧਿਕਾਰੀ ਤੇ ਪੁਲਿਸ ਕਰਮਚਾਰੀ ਹਰ ਵਕਤ ਤਾਇਨਾਤ ਹਨ | ਉੱਧਰ ਸਰਦੂਲਗੜ੍ਹ ਹਲਕੇ ਦੇ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਪਿਛਲੇ ਦਿਨਾਂ ਤੋਂ ਘੱਗਰ ਨੇੜਲੇ ਪਿੰਡਾਂ ਦਾ ਦੌਰਾ ਕਰ ਰਹੇ ਹਨ | ਅੱਜ ਵੀ ਉਨ੍ਹਾਂ ਘੱਗਰ ਦਾ ਜਾਇਜ਼ਾ ਲਿਆ ਅਤੇ ਪੰਚਾਇਤਾਂ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ 'ਤੇ ਅਧਿਕਾਰੀਆਂ ਤੋਂ ਹੱਲ ਕਰਵਾਇਆ | 'ਅਜੀਤ' ਨਾਲ ਗੱਲਬਾਤ ਕਰਦਿਆਂ ਵਿਧਾਇਕ ਬਣਾਂਵਾਲੀ ਨੇ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ | ਉਨ੍ਹਾਂ ਦੱਸਿਆ ਕਿ ਲੋਕ ਵੀ ਪੂਰਾ ਸਹਿਯੋਗ ਦੇ ਰਹੇ ਹਨ ਜਦਕਿ ਪ੍ਰਸ਼ਾਸਨ 24 ਘੰਟੇ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ | ਬਣਾਂਵਾਲੀ ਅਨੁਸਾਰ ਅਗਲੇ ਦਿਨਾਂ 'ਚ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਨੁਕਸਾਨੀਆਂ ਗਈਆਂ ਫ਼ਸਲਾਂ ਤੇ ਘਰਾਂ ਦਾ ਯੋਗ ਮੁਆਵਜ਼ਾ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਹੈ ਕਿ ਹਰ ਪੀੜਤ ਦੀ ਬਾਂਹ ਫੜੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਕਾਮਿਆਂ ਦਾ ਧਰਨਾ ਜਾਰੀ ਅਗਲੀ ਖ਼ਬਰ ਰਿਉਂਦ ਖ਼ੁਰਦ ਸੇਮ ਨਾਲੇ 'ਚ ਆਏ ਅਥਾਹ ਪਾਣੀ ਨਾਲ 500 ਏਕੜ 'ਚ ਫ਼ਸਲ ਤਬਾਹ <br/>
Ad Position 24