ਨਥਾਣਾ, 2 ਸਤੰਬਰ (ਗੁਰਦਰਸ਼ਨ ਲੁੱਧੜ): ਇਲਾਕੇ ਵਿਚ ਲਗਾਤਾਰ ਅਤੇ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਦੌਰਾਨ ਖਸਤਾ ਛੱਤਾਂ ਹੇਠ ਵੱਸਦੇ ਗਰੀਬ ਲੋਕਾਂ ਨੂੰ ਜ਼ਿੰਦਗੀ-ਮੌਤ ਦੇ ਇਮਤਿਹਾਨ ਵਿਚੋਂ ਵਿਚਰਣਾ ਪੈ ਰਿਹਾ ਹੈ | ਅਜਿਹੇ ਮੌਸਮ ਦੌਰਾਨ ਨਗਰ ਨਥਾਣਾ ਦੇ ਇੱਕ ਗਰੀਬ ਖੇਤ ਮਜ਼ਦੂਰ ਦਾ ਘਰ ਡਿੱਗਣ ਉਪਰੰਤ ਭਾਵੇਂ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਹਿ ਗਿਆ, ਪਰ ਉਸ ਦਾ ਵਿੱਤੀ ਪੱਖੋਂ ਭਾਰੀ ਨੁਕਸਾਨ ਹੋਇਆ | ਮਿਲੀ ਜਾਣਕਾਰੀ ਅਨੁਸਾਰ ਖੇਤ ਮਜ਼ਦੂਰੀ ਕਰਨ ਵਾਲੇ ਬਲਵਿੰਦਰ ਸਿੰਘ ਨਥਾਣਾ ਨਿਵਾਸੀ ਮਹਿਰਾ ਸਿੱਖ ਦੇ ਕਮਰਿਆਂ ਦੀ ਦਿਨ ਵੇਲੇ ਅਚਾਨਕ ਛੱਤ ਡਿੱਗ ਪਈ ਅਤੇ ਘਰ ਦਾ ਸਿਰਫ਼ ਇੱਕ ਕਮਰਾ ਹੀ ਡਿੱਗਣ ਤੋਂ ਬਚਿਆ, ਜੋ ਕਿ ਪੂਰੀ ਤਰ੍ਹਾਂ ਨਾਜ਼ਕ ਹਾਲਤ ਵਿਚ ਹੈ ਅਤੇ ਕਿਸੇ ਵੀ ਸਮੇਂ ਉਹ ਡਿੱਗ ਸਕਦਾ ਹੈ | ਮਕਾਨ ਡਿੱਗਣ ਸਮੇਂ ਬਲਵਿੰਦਰ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਖ਼ੁਸ਼ਕਿਸਮਤੀ ਸਦਕਾ ਕਮਰਿਆਂ ਤੋਂ ਬਾਹਰ ਸਨ, ਜਦੋਂਕਿ ਕਮਰੇ ਦੇ ਅੰਦਰ ਰੱਖਿਆ ਸਾਰਾ ਘਰੇਲੂ ਸਾਮਾਨ ਪੂਰੀ ਤਰ੍ਹਾਂ ਨੁਕਸਾਨਿਆਂ ਗਿਆ | ਨਗਰ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪੀੜਤ ਬਲਵਿੰਦਰ ਸਿੰਘ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਘਰ ਦੀ ਮੁੜ ਉਸਾਰੀ ਕਰਵਾ ਕੇ ਰਾਹਤ ਦਿੱਤੀ ਜਾਵੇ |
ਮੀਂਹ ਕਾਰਨ ਖੇਤ ਮਜ਼ਦੂਰ ਦਾ ਮਕਾਨ ਡਿੱਗਿਆ <br/>
ਅਜੀਤ ਡੈਸਕ
03-09-2025