ਬਠਿੰਡਾ, 3 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਹਰ ਇਕ ਆਗੂ ਤੇ ਵਰਕਰ ਪਹਿਲੇ ਦਿਨ ਤੋਂ ਹੜ ਪੀੜਤ ਲੋਕਾਂ ਦੀ ਮੱਦਦ ਲਈ ਡੱਟਿਆ ਹੋਇਆ ਹੈ ਤੇ ਪੀੜਤ ਲੋਕਾਂ ਦੀ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਮਾਮਲੇ 'ਚ ਪੰਜਾਬ ਦੀ 'ਆਪ' ਸਰਕਾਰ ਦੀ ਦੋਹਰੀ ਨਾਕਾਮੀ ਸਾਹਮਣੇ ਆਈ ਹੈ, ਕਿਉਂਕਿ ਪਹਿਲਾਂ ਮੀਂਹਾਂ ਦੇ ਮੌਸਮ ਨੂੰ ਦੇਖਦਿਆਂ ਦਰਿਆਵਾਂ ਦੇ ਬੰਨ੍ਹਾਂ ਦੀ ਮਜ਼ਬੂਤੀ ਅਤੇ ਨਾਲਿਆਂ ਦੀ ਸਫ਼ਾਈ ਨਹੀਂ ਕਰਵਾਈ ਗਈ ਤੇ ਜਦੋਂ ਹੁਣ ਸਰਕਾਰ ਦੀ ਨਾਲਾਇਕੀ ਕਾਰਨ ਲੋਕ ਹੜ੍ਹਾਂ ਦੇ ਪਾਣੀ 'ਚ ਡੁੱਬ ਰਹੇ ਹਨ ਤਾਂ ਸੂਬਾ ਸਰਕਾਰ ਨੇ ਉਨ੍ਹਾਂ ਦੇ ਜਾਨ-ਮਾਲ ਦੀ ਰਾਖੀ ਦੇ ਵੀ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ | ਉਨ੍ਹਾਂ ਕਿਹਾ ਕਿ ਇਸ ਔਖੀ ਖੜੀ 'ਚ ਜਿੱਥੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੜ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਸਹਾਇਤਾ ਕਰਨ 'ਚ ਡੱਟੀ ਹੋਈ ਹੈ, ਉੱਥੇ ਕਾਂਗਰਸ ਪਾਰਟੀ ਦੇ ਸਮੁੱਚੇ ਆਗੂ ਤੇ ਵਰਕਰ ਵੀ ਪੂਰੀ ਤਨਦੇਹੀ ਨਾਲ ਪੀੜਤ ਲੋਕਾਂ ਨੂੰ ਸਹਾਰਾ ਦੇਣ ਲਈ ਡੱਟੇ ਹੋਏ ਹਨ ਤੇ ਉਨ੍ਹਾਂ ਦੀ ਲਗਾਤਾਰ ਮੱਦਦ ਕੀਤੀ ਜਾ ਰਹੀ ਹੈ | ਜਟਾਣਾ ਨੇ ਕਿਹਾ ਹੜ ਪੀੜਤ ਲੋਕਾਂ ਦੇ ਮੁੜ ਵਸੇਬੇ ਤੱਕ ਕਾਂਗਰਸ ਪਾਰਟੀ ਵਲੋਂ ਹਰ ਸਹੂਲਤ ਦੇਣ ਦੇ ਯਤਨ ਕੀਤੇ ਜਾਣਗੇ | ਇਸ ਮੌਕੇ ਰਣਜੀਤ ਸਿੰਘ ਸੰਧੂ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ, ਬਲਾਕ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ, ਦਰਸ਼ਨ ਸਿੰਘ ਸੰਧੂ, ਜਗਜੀਤ ਸਿੰਘ ਰਾਏਕੇ, ਲਖਵਿੰਦਰ ਸਿੰਘ ਲੱਖੀ ਆਦਿ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੜ ਪੀੜਤਾਂ ਲਈ ਮਦਦ ਲਈ ਵੱਧ ਤੋਂ ਵੱਧ ਗਿਣਤੀ ਵਿਚ ਅੱਗੇ ਆਉਣ |