ਸੰਗਤ ਮੰਡੀ, 6 ਸਤੰਬਰ (ਅੰਮਿ੍ਤਪਾਲ ਸ਼ਰਮਾ)- ਕਾਂਗਰਸ ਦੇ ਮਜ਼ਦੂਰ ਮੁਲਾਜ਼ਮ (ਕੇ ਕੇ ਸੀ) ਵਿਭਾਗ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਵੱਲੋਂ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਕੋਟਗੁਰੂ ਅਤੇ ਪੱਕਾ ਕਲਾਂ ਵਿਚ ਮੀਟਿੰਗ ਕਰਕੇ ਸ਼ਹੀਦ ਬਾਬਾ ਜੀਵਨ ਸਿੰਘ 'ਰੰਘਰੇਟਾ ਗੁਰੂ ਕਾ ਬੇਟਾ' ਦੇ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ | ਉਨ੍ਹਾਂ ਸ਼ਹੀਦਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਨਿਰਸਵਾਰਥ ਸੇਵਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਲਕਾ ਬਠਿੰਡਾ ਦਿਹਾਤੀ ਦੇ ਲੋਕਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਟੁੱਟੀਆਂ ਸੜਕਾਂ ਅਤੇ ਸੰਗਤ ਮੰਡੀ 'ਚ ਖੜ੍ਹੇ ਗੰਦੇ ਪਾਣੀ ਨੇ ਇਲਾਕੇ ਦੇ ਲੋਕਾ ਦਾ ਜੀਣਾ ਹਰਾਮ ਕੀਤਾ ਹੋਇਆ ਹੈ, ਜਿਥੇ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ | ਉਨ੍ਹਾਂ ਪੰਜਾਬ ਵਿਚ ਆਏ ਹੜ੍ਹਾਂ ਲਈ ਸਰਕਾਰ ਦੇ ਨਿਕੰਮੇ ਪ੍ਰਬੰਧਾਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕੇਂਦਰ ਤੇ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ 80 ਹਜ਼ਾਰ ਕਰੋੜ ਦਾ ਪ੍ਰਬੰਧ ਕਰਨ, ਜਿਥੇ ਲੋਕਾਂ ਦੇ ਘਰ ਅਤੇ ਜ਼ਮੀਨਾਂ ਬਰਬਾਦ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਤੇ 'ਆਪ' ਸਰਕਾਰਾਂ ਕਾਂਗਰਸ ਦੀਆਂ ਸ਼ੁਰੂ ਕੀਤੀਆਂ ਮਨਰੇਗਾ ਤੇ ਰਾਸ਼ਨ ਸਕੀਮਾਂ ਬੰਦ ਕਰਨਾ ਚਾਹੰੁਦੀਆਂ ਹਨ, ਜੋ ਨਹੀ ਹੋਣ ਦੇਵਾਂਗੇ | ਉਨ੍ਹਾਂ ਆਖਿਆ ਕਿ ਰਾਹੁਲ ਗਾਂਧੀ ਵਲੋਂ ਸ਼ੁਰੂ ਕੀਤੀ 'ਵੋਟ ਚੋਰ ਗੱਦੀ ਛੋੜ' ਮੁਹਿੰਮ ਤੇਜ ਕਰਾਂਗੇ | ਕਿਰਨਦੀਪ ਕੌਰ ਵਿਰਕ ਸੀਨੀਅਰ ਮੀਤ ਪ੍ਰਧਾਨ ਬਠਿੰਡਾ ਦਿਹਾਤੀ ਨੇ ਕਿਹਾ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਯੁੱਧ ਦੀ ਆੜ ਹੇਠ ਗਰੀਬ ਦਲਿਤ ਸਮਾਜ ਨੂੰ ਪ੍ਰੇਸ਼ਾਨ ਕਰ ਰਹੀ ਹੈ ਪਰ ਨਸ਼ੇ ਬੰਦ ਕਰਾਉਣ ਲਈ ਹੁਣ ਔਰਤਾਂ ਨੂੰ ਮੋਰਚਾ ਸੰਭਾਲਣਾ ਪਵੇਗਾ | ਉਨ੍ਹਾਂ ਕਿਹਾ 'ਗਹਿਰੀ' ਵਲੋਂ ਵਿੱਢੇ ਸੰਘਰਸ਼ ਨੇ ਲਾਲ ਲਕੀਰ ਖ਼ਤਮ ਕਰਵਾ ਕੇ ਲੋਕਾਂ ਨੂੰ ਘਰਾਂ ਦੇ ਮਾਲਕ ਬਣਾਉਣ ਦਾ ਮੁੱਢ ਬੰਨਿ੍ਹਆਂ, ਹੁਣ ਲੋਕਾਂ ਨੂੰ ਗਹਿਰੀ ਦਾ ਸਾਥ ਦੇਣਾ ਚਾਹੀਦਾ ਹੈ | ਇਸ ਮੌਕੇ ਕੁਲਵਿੰਦਰ ਸਿੰਘ ਸਰਪੰਚ ਕੋਟਗੁਰੂ, ਗੇਜਾ ਸਿੰਘ ਸਰਪੰਚ ਕੋਠੇ ਸੰਗਤ, ਸੁਖਮੰਦਰ ਸਿੰਘ, ਕਰਨ ਸਿੰਘ, ਪਰਸਾ ਸਿੰਘ, ਪਿਰਥੀ ਸਿੰਘ ਮੈਂਬਰ, ਹਰਪਾਲ ਸਿੰਘ ਕੋਟਗੁਰੂ, ਬਲਦੇਵ ਸਿੰਘ, ਬਲਜੀਤ ਸਿੰਘ ਕੋਟਗੁਰੂ, ਗੁਰਜੰਟ ਸਿੰਘ 'ਭੀਮ', ਗੁਰਤੇਜ ਬੱਲੂਆਣਾ, ਰਾਮਜੀ ਸਿੰਘ, ਗੁਰਮੇਲ ਸਿੰਘ ਬੁਰਜ, ਅੰਗਰੇਜ਼ ਸਿੰਘ ਸਰਪੰਚ ਪੱਕਾ, ਮਹਾਸ਼ਾ ਪੰਚ, ਦਰਸ਼ਨ ਸਿੰਘ ਪੰਚ, ਬਲਵੀਰ ਸਿੰਘ ਪੰਚ, ਜਸਵੀਰ ਸਿੰਘ ਗੋਬਿੰਦਪੁਰਾ, ਅਜੈਬ ਸਿੰਘ, ਰਾਜੂ ਪੰਚ, ਗੁਰਨਾਮ ਸਿੰਘ, ਕਾਕਾ ਸਿੰਘ, ਮਿੱਠੂ ਸਿੰਘ ਖ਼ਾਲਸਾ, ਭੁਪਿੰਦਰ ਸਿੰਘ ਮੌਜੂਦ ਸਨ |