ਧੂਰੀ, 6 ਸਤੰਬਰ (ਲਖਵੀਰ ਸਿੰਘ ਧਾਂਦਰਾ) - ਪਿਛਲੇ ਕਈ ਦਿਨਾਂ ਤੋਂ ਧੂਰੀ ਹਲਕੇ ਵਿਚ ਹੋ ਰਹੀ ਲਗਾਤਾਰ ਤੇਜ਼ ਬਾਰਸ਼ ਨੇ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਕਰ ਦਿੱਤੀ ਹੈ | ਬਾਰਸ਼ ਕਾਰਨ ਨਾ ਸਿਰਫ਼ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਪਾਣੀ ਭਰ ਗਿਆ ਹੈ, ਸਗੋਂ ਵੱਡੇ ਵਿਕਾਸ ਪ੍ਰੋਜੈਕਟਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ, ਹਾਲ ਹੀ ਦੌਰਾਨ ਬਣਾਈ ਗਈ ਜੰਮੂ ਕੱਟੜਾ ਐਕਸਪ੍ਰੈੱਸ ਵੇਅ ਦਾ ਇੱਕ ਹਿੱਸਾ ਨੇੜਲੇ ਪਿੰਡ ਮੀਰਹੇੜੀ ਦੇ ਖੇਤਾਂ ਵਿਚੋਂ ਲੰਘਦਿਆਂ ਅਚਾਨਕ ਧਸ ਗਿਆ | ਗੰਭੀਰ ਗੱਲ ਇਹ ਹੈ ਕਿ ਇਹ ਸੜਕ ਹਾਲ ਹੀ ਵਿਚ ਤਿਆਰ ਹੋਈ ਸੀ ਅਤੇ ਲੋਕਾਂ ਵਲੋਂ ਇਸ ਦੇ ਰਾਹੀਂ ਯਾਤਰਾ ਕੀਤੀ ਜਾ ਰਹੀ ਸੀ | ਇਸ ਤੋਂ ਇਲਾਵਾ ਇਹ ਸੜਕ ਕਈ ਹੋਰ ਥਾਵਾਂ ਤੋਂ ਵੀ ਧਸਣ ਦਾ ਸਮਾਚਾਰ ਹੈ | ਇਸ ਘਟਨਾ ਤੋਂ ਬਾਅਦ ਨੇੜਲੇ ਪਿੰਡਾਂ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ, ਕਿਉਂਕਿ ਉਨ੍ਹਾਂ ਨੂੰ ਖ਼ਤਰਾ ਹੈ ਕਿ ਬਾਰਸ਼ ਜਾਰੀ ਰਹੀ ਤਾਂ ਹੋਰ ਹਿੱਸੇ ਵੀ ਨੁਕਸਾਨੀ ਹੋ ਸਕਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਬਣਾਏ ਜਾ ਰਹੇ ਵੱਡੇ ਪ੍ਰੋਜੈਕਟਾਂ ਵਿਚ ਗੁਣਵੱਤਾ 'ਤੇ ਖ਼ਾਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਅਜਿਹੀਆਂ ਘਟਨਾਵਾਂ ਆਮ ਹੋਣ ਲੱਗਣਗੀਆਂ | ਇਲਾਕਾ ਵਾਸੀਆਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ, ਨੁਕਸਾਨ ਦੀ ਮੁਰੰਮਤ ਅਤੇ ਭਵਿੱਖ ਵਿਚ ਐਸੀ ਘਟਨਾਵਾਂ ਤੋਂ ਬਚਾਅ ਲਈ ਮਜ਼ਬੂਤ ਪ੍ਰਣਾਲੀ ਬਣਾਉਣ ਦੀ ਅਪੀਲ ਕੀਤੀ ਹੈ ਅਤੇ ਇਨਕਲਾਬੀ ਲੋਕਾਂ ਨੇ ਇਸ ਪੋ੍ਰਜੈਕਟ ਦੀ ਸੀ.ਬੀ.ਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ |