ਧੂਰੀ, 6 ਸਤੰਬਰ (ਲਖਵੀਰ ਸਿੰਘ ਧਾਂਦਰਾ) - ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੋਦਰ ਵਲੋ ਕਿਸਾਨ ਆਗੂ ਨਾਲ ਕੀਤੀ ਗਈ ਬਦਸਲੂਕੀ ਦੀ ਕਿਸਾਨ ਜਥੇਬੰਦੀਆਂ ਵਲੋਂ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ | ਇਸ ਸੰਬੰਧੀ ਉੱਘੇ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਭੱਟੀ ਢਢੋਗਲ, ਭੁਪਿੰਦਰ ਸਿੰਘ ਭਿੰਦਾ ਬਨਭੋਰਾ ਸੁਬਾ ਸਕੱਤਰ ਪੰਜਾਬ ਅਤੇ ਕਿਸਾਨ ਆਗੂ ਹਰਦੀਪ ਸਿੰਘ ਖੇੜੀ ਜੱਟਾਂ ਵਲੋ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ 'ਚ ਕਿਹਾ ਗਿਆ ਕਿ ਜੋ ਪਾਣੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਜਲੰਧਰ ਤੋਂ ਨਕੋਦਰ ਦੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨਕੋਦਰ ਵਿਚ ਬੰਨ੍ਹ ਦੇਖਣ ਆਈ ਸੀ, ਉੱਥੇ ਸਾਡੀ ਜਥੇਬੰਦੀ ਦੇ ਆਗੂ ਅਮਰੀਕ ਸਿੰਘ ਪ੍ਰਧਾਨ ਜਲੰਧਰ ਕਾਦੀਆਂ ਵੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਐਮ.ਐਲ.ਏ. ਨੂੰ ਮਿਲਣ ਵਾਸਤੇ ਆਏ ਹੋਏ ਸਨ | ਉਨ੍ਹਾਂ ਨੇ ਬੀਬੀ ਨੂੰ ਪੁੱਛਿਆ ਕਿ ਹੁਣ ਲੋਕ ਹੜ੍ਹ ਦੀ ਮਾਰ ਨਾਲ ਮਰ ਰਹੇ ਹਨ ਤੁਸੀਂ ਧੁੱਸੀ ਬੰਨ੍ਹ ਉੱਪਰ ਮਿੱਟੀ ਜਾਂ ਨਾਲਿਆਂ ਦਰਿਆਵਾਂ ਦੀ ਸਫ਼ਾਈ ਪਹਿਲਾਂ ਕਿਉਂ ਨਹੀਂ ਕਰਵਾਈ | ਇਸ ਸਵਾਲ 'ਤੇ ਐਮ.ਐਲ.ਏ. ਭੜਕ ਪਈ ਤੇ ਪ੍ਰਧਾਨ ਤੇ ਉਨ੍ਹਾਂ ਦੇ ਸਾਥੀਆਂ ਤੇ ਬਹੁਤ ਭੱਦੀ ਸ਼ਬਦਾਵਲੀ ਬੋਲਦਿਆਂ ਕਿਹਾ ਕਿ ਤੁਸੀਂ ਹਰੀਆਂ ਪੱਗਾਂ ਬੰਨ੍ਹ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ | ਇਸ ਬੋਲੀ ਗਈ ਭੱਦੀ ਸ਼ਬਦਾਵਲੀ ਦੀ ਸਖ਼ਤ ਨਿੰਦਾ ਕਰਦੇ ਹੋਏ ਜਥੇਬੰਦੀ ਆਗੂਆਂ ਨੇ ਕਿਹਾ ਕਿ ਐਮ.ਐਲ.ਏ. ਇੰਦਰਜੀਤ ਕੌਰ ਮਾਨ ਨੂੰ ਇਸ ਵਰਤੀ ਗਈ ਮਾੜੀ ਸ਼ਬਦਾਵਲੀ ਪ੍ਰਤੀ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ |