ਹਰਸਿਮਰਤ ਕੌਰ ਬਾਦਲ, ਵਿਧਾਇਕ ਅਮਿਤ ਰਤਨ ਤੇ ਮੇਅਰ ਨੇ ਕੀਤੀ ਸ਼ਿਰਕਤ
ਬਠਿੰਡਾ, 6 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੇ ਪਿੰਡ ਵਿਰਕ ਕਲਾਂ ਵਿਖੇ ਸਥਿਤ ਸਿਵਲ ਹਵਾਈ ਅੱਡੇ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ 11 ਸਾਲਾਂ ਦੇ ਲੰਬੇ ਅਰਸੇ ਬਾਅਦ ਹੋਈ, ਜਿਸ ਦੀ ਪ੍ਰਧਾਨਗੀ ਬਠਿੰਡਾ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਉਪ-ਪ੍ਰਧਾਨਗੀ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਕੀਤੀ | ਇਸ ਮੌਕੇ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ, ਵਧੀਕ ਡਿਪਟੀ ਕਮਿਸ਼ਨਰ (ਜ) ਪੂਨਮ ਸਿੰਘ ਤੇ ਹਵਾਈ ਅੱਡਾ ਦੇ ਡਾਇਰੈਕਟਰ ਸਾਂਵਰ ਮਲ ਸਿੰਗਰੀਆ ਅਤੇ ਹੋਰ ਅਧਿਕਾਰੀ ਮੌਜੂਦ ਸਨ | ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਹਵਾਈ ਅੱਡੇ ਤੋਂ ਦੂਜੇ ਸ਼ਹਿਰਾਂ ਲਈ ਉਡਾਣਾਂ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤੇ ਹਵਾਈ ਅੱਡੇ ਦਾ ਹੋਰ ਵਿਸਥਾਰ ਤੇ ਵਿਕਾਸ ਕੀਤਾ ਜਾਵੇਗਾ, ਕਿਉਂਕਿ ਹਵਾਈ ਅੱਡਾ ਮਾਲਵਾ ਖੇਤਰ ਤੋਂ ਇਲਾਵਾ ਦੋਵੇਂ ਨੇੜਲੇ ਰਾਜਾਂ ਦੇ ਯਾਤਰੀਆਂ ਨੂੰ ਵੀ ਲਾਭ ਪਹੁੰਚਾਏਗਾ ਅਤੇ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰੇਗਾ | ਉਨ੍ਹਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਹਵਾਈ ਅੱਡੇ ਦੇ ਨੇੜੇ ਦਰੱਖਤਾਂ ਦੀ ਛਾਂਟੀ ਕਰਨ, ਟਰਾਂਸਪੋਰਟ ਵਿਭਾਗ ਨੂੰ ਹਵਾਈ ਅੱਡੇ ਲਈ ਇਕ ਸਮਰਪਿਤ ਬੱਸ ਸੇਵਾ ਸ਼ੁਰੂ ਕਰਨ, ਐਨ. ਐਚ. ਆਈ. ਵਿਭਾਗ ਨੂੰ ਏਅਰਪੋਰਟ ਅਥਾਰਟੀ ਅਤੇ ਡੀ. ਸੀ. ਦਫ਼ਤਰ ਤੋਂ ਵੱਖ-ਵੱਖ ਥਾਵਾਂ 'ਤੇ ਹਵਾਈ ਅੱਡੇ ਦੇ ਸਾਈਨ ਬੋਰਡ ਲਗਾਉਣ ਦੇ ਨਿਰਦੇਸ਼ ਦਿੱਤੇ ਅਤੇ ਬਿਜਲੀ ਵਿਭਾਗ ਨੂੰ ਆਰ. ਸੀ. ਐਸ. ਹਵਾਈ ਅੱਡੇ ਨਾਲ ਹੋਏ ਸਮਝੌਤੇ ਅਨੁਸਾਰ ਬਠਿੰਡਾ ਹਵਾਈ ਅੱਡੇ ਨੂੰ ਰਿਆਇਤੀ ਦਰਾਂ 'ਤੇ ਬਿਜਲੀ ਮੁਹੱਈਆ ਕਰਵਾਉਣ ਲਈ ਕਿਹਾ | ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਕਿਹਾ ਕਿ ਉਨ੍ਹਾਂ ਨੇ ਹਵਾਈ ਅੱਡੇ ਦੇ ਵਿਕਾਸ ਤੇ ਵਿਸਥਾਰ ਲਈ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਪੱਤਰ ਲਿਖੇ ਹਨ ਤੇ ਉਹ ਹਵਾਈ ਅੱਡੇ ਦੇ ਵਿਕਾਸ ਲਈ ਯਤਨਸ਼ੀਲ ਹਨ | ਉਨ੍ਹਾਂ ਇਹ ਵੀ ਕਿਹਾ ਕਿ ਸਾਰੀਆਂ ਏਜੰਸੀਆਂ ਨੇ ਹਵਾਈ ਅੱਡੇ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ ਤਾਂ ਜੋ ਯਾਤਰੀਆਂ ਅਤੇ ਸੂਬੇ ਨੂੰ ਇਸ ਦਾ ਲਾਭ ਮਿਲ ਸਕੇ | ਮੇਅਰ ਪਦਮਜੀਤ ਸਿੰਘ ਮਹਿਤਾ ਨੇ ਹਵਾਈ ਅੱਡੇ ਲਈ ਬੱਸ ਸੇਵਾ, ਸਹੀ ਕੂੜਾ ਇਕੱਠਾ ਕਰਨ ਤੇ ਚਾਹ ਅਤੇ ਸਨੈਕ ਬਾਰ ਸੇਵਾਵਾਂ ਲਈ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ | ਹਵਾਈ ਅੱਡੇ ਦੇ ਡਾਇਰੈਕਟਰ ਸਾਂਵਰ ਮਲ ਸਿੰਗਰੀਆ ਨੇ ਹਵਾਈ ਅੱਡੇ ਦੇ ਢਾਂਚੇ ਅਤੇ ਇੱਥੇ ਉਪਲੱਬਧ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਅਧਿਕਾਰੀਆਂ ਅਤੇ ਹਵਾਈ ਅੱਡੇ ਸਬੰਧੀ ਏਜੰਡੇ ਦੇ ਨੁਕਤਿਆਂ 'ਤੇ ਚਰਚਾ ਕੀਤੀ ਤੇ ਹਵਾਈ ਅੱਡੇ ਨਾਲ ਸਬੰਧਿਤ ਸਮੱਸਿਆਵਾਂ ਅਤੇ ਜ਼ਰੂਰਤਾਂ ਤੋਂ ਜਾਣੂ ਕਰਵਾਇਆ | ਇਸ ਦੌਰਾਨ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਵੀ ਲਗਾਏ ਗਏ | ਇਸ ਮੌਕੇ ਹਵਾਈ ਅੱਡੇ ਦੇ ਅਧਿਕਾਰੀ ਅਮਿਤ ਤੋਮਰ, ਵਿਪੁਲ ਸਹਾਰਨ, ਨੀਰਜ ਸੋਲੰਕੀ, ਪਿੰਡ ਵਿਰਕ ਕਲਾਂ ਦੀ ਸਰਪੰਚ ਚਰਨਜੀਤ ਕੌਰ, ਡਾ: ਗੁਰਚਰਨ ਸਿੰਘ ਵਿਰਕ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਮੌਜੂਦ ਸਨ |
ਗਿਆਰਾਂ ਸਾਲਾਂ ਬਾਅਦ ਹੋਈ ਬਠਿੰਡਾ ਹਵਾਈ ਅੱਡੇ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅਜੀਤ ਡੈਸਕ
07-09-2025