ਗ਼ਰੀਬ ਲੋਕਾਂ ਦੀਆਂ ਮੁਸ਼ਕਿਲਾਂ ਵਧਣ ਲੱਗੀਆਂ-ਬਜ਼ਾਰਾਂ ਵਿਚ ਗਾਹਕ ਘਟਣ ਨਾਲ ਛਾਈ ਮੰਦੀ
ਬਠਿੰਡਾ, 6 ਸਤੰਬਰ (ਵੀਰਪਾਲ ਸਿੰਘ)-ਬਠਿੰਡਾ ਵਿਚ ਰੁਕ-ਰੁਕ ਪੈ ਰਹੇ ਮੀਂਹ ਨੇ ਆਮ ਲੋਕਾਂ ਦੀ ਜ਼ਿੰਦਗੀ ਦੀ ਰਫ਼ਤਾਰ ਨੂੰ ਉਲਝਾ ਦਿੱਤਾ ਹੈ | ਬਠਿੰਡਾ ਵਿਚ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਮੌਸਮ ਵਿਭਾਗ ਦੀਆਂ ਕਿਆਸਅਰਾਈਆਂ ਨੂੰ ਝੂਠਾ ਕਰ ਦਿੱਤਾ ਹੈ | ਮੌਸਮ ਵਿਭਾਗ ਵਲੋਂ ਪੰਜਾਬ ਵਿਚ ਅਗਲੇ 5 ਦਿਨਾਂ ਲਈ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਸੀ | ਮੌਸਮ ਵਿਭਾਗ ਅਨੁਸਾਰ ਬਠਿੰਡਾ ਵਿਚ ਦੁਪਹਿਰ 2.30 ਵਜੇ ਤੱਕ 15.0 ਐਮ ਐਮ. ਮੀਂਹ ਪਿਆ ਹੈ | ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 32 ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25.2 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ | ਲੰਘੇ ਦੋ ਹਫ਼ਤਿਆਂ ਤੋਂ ਬਠਿੰਡਾ ਦੇ ਆਸ-ਪਾਸ ਖੇਤਰ ਵਿਚ ਰੁਕ ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਆਪਣੇ ਘਰਾਂ ਵਿਚ ਬੰਦ ਕਰ ਰੱਖਿਆ ਹੈ | ਜਿਸ ਨਾਲ ਬਠਿੰਡਾ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿਚ ਕੰਮ ਕਾਰ ਘੱਟ ਗਿਆ ਹੈ | ਜਿਸ ਨਾਲ ਬਜ਼ਾਰ ਵਿਚ ਕਾਫ਼ੀ ਮੰਦਾ ਦਾ ਦੌਰ ਚੱਲ ਰਿਹਾ ਹੈ | ਦੂਸਰੇ ਪਾਸੇ ਰੁਕ-ਰੁਕ ਕੇ ਪੈ ਰਹੇ ਮੀਂਹ ਨਾਲ ਬਠਿੰਡਾ ਖੇਤਰ ਵਿਚ ਲੰਘੇ ਹਫ਼ਤੇ ਤੋਂ 20 ਦੇ ਕਰੀਬ ਘਰਾਂ ਦੀਆਂ ਛੱਤਾਂ ਡਿੱਗਣ ਨਾਲ ਬਹੁਤ ਸਾਰੇ ਗ਼ਰੀਬ ਲੋਕ ਬੇਘਰੇ ਹੋ ਗਏ ਹਨ | ਘਰਾਂ ਦੀਆਂ ਛੱਤਾਂ ਦੇ ਮਲਬੇ ਵਿਚ ਦੱਬਣ ਨਾਲ ਕਈ ਲੋਕ ਜ਼ਖ਼ਮੀ ਹੋਏ ਸਨ ਅਤੇ ਇਕ ਔਰਤ ਦੀ ਮੌਤ ਹੋ ਚੁੱਕੀ ਹੈ | ਲਗਾਤਾਰ ਪੈ ਰਹੇ ਮੀਂਹ ਨਾਲ ਗ਼ਰੀਬ ਲੋਕਾਂ ਦਾ ਜਿਉਣਾ ਦੁੱਭਰ ਹੋ ਚੁੱਕਾ ਹੈ |
ਬਠਿੰਡਾ 'ਚ ਰੁਕ-ਰੁਕ ਮੀਂਹ ਪੈਣ ਦਾ ਸਿਲਸਿਲਾ ਲਗਾਤਾਰ ਜਾਰੀ
ਅਜੀਤ ਡੈਸਕ
07-09-2025