ਰਾਮਾਂ ਮੰਡੀ, 22 ਸਤੰਬਰ (ਤਰਸੇਮ ਸਿੰਗਲਾ)-ਨੇੜਲੇ ਪਿੰਡ ਕਮਾਲੂ ਦੇ ਇਕ ਲੜਕੇ ਚੇਤਨ ਨਾਲ ਕਰੀਬ 7/8 ਮਹੀਨੇ ਲਵ ਮੈਰਿਜ ਕਰਵਾਉਣ ਵਾਲੀ 21 ਸਾਲ ਦੀ ਮਹਿਲਾ ਵਲੋਂ ਐਤਵਾਰ ਨੂੰ ਘਰ ਵਿਚ ਪੱਖੇ ਨਾਲ ਲਟਕ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ | ਮਿ੍ਤਕਾ ਦੀ ਮਾਤਾ ਕਿਰਨ (ਵਿਧਵਾ ਬਲਵਿੰਦਰ ਸਿੰਘ) ਵਾਸੀ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਰਾਮਾਂ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰੀ ਸੱਭ ਤੋਂ ਵੱਡੀ ਲੜਕੀ ਪੂਨਮ (21) ਨੇ ਸਾਡੀ ਸਹਿਮਤੀ ਤੋਂ ਬਿਨ੍ਹਾਂ ਕਰੀਬ 7/8 ਮਹੀਨੇ ਪਹਿਲਾਂ ਚੇਤਨ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਕਮਾਲੂ ਜ਼ਿਲ੍ਹਾ ਬਠਿੰਡਾ ਨਾਲ ਸ਼ਾਦੀ ਕਰ ਲਈ ਸੀ | ਵਿਆਹ ਤੋਂ 2/3 ਮਹੀਨੇ ਬਾਅਦ ਹੀ ਉਸ ਦੀ ਛਾਤੀ ਵਿਚ ਦਰਦ ਰਹਿਣ ਲੱਗ ਪਿਆ, ਜਿਸ ਕਰਕੇ ਉਹ ਦਿਮਾਗ਼ੀ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਈ | ਜਿਸ ਦੀ ਦਵਾਈ ਵੀ ਚੱਲ ਰਹੀ ਸੀ | ਐਤਵਾਰ ਨੂੰ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਮੇਰੀ ਲੜਕੀ ਨੇ ਪਿੰਡ ਕਮਾਲੂ ਵਿਖੇ ਆਪਣੇ ਰਿਹਾਇਸ਼ੀ ਮਕਾਨ ਵਿਚ ਆਪਣੇ ਗੱਲ ਵਿਚ ਚੁੰਨੀ ਬੰਨ੍ਹ ਕੇ ਪੱਖੇ ਨਾਲ ਲਮਕ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ | ਮਿ੍ਤਕਾ ਦੀ ਮਾਤਾ ਕਿਰਨ ਦੇ ਬਿਆਨਾਂ ਦੇ ਅਧਾਰ 'ਤੇ ਰਾਮਾਂ ਪੁਲਿਸ ਵਲੋਂ ਧਾਰਾ 194 ਬੀ.ਐਨ.ਐਸ. ਐਕਟ ਤਹਿਤ ਕਾਰਵਾਈ ਕੀਤੀ ਗਈ ਹੈ | ਕਾਰਵਾਈ ਕਰ ਰਹੇ ਗੁਰਤੇਜ ਸਿੰਘ ਨੇ ਦੱਸਿਆ ਕਿ ਮਿ੍ਤਕਾ ਪੂਨਮ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਅੰਤਿਮ ਸੰਸਕਾਰ ਲਈ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ |