ਤਿੰਨ ਜਣਿਆਂ ਦੇ ਖ਼ਿਲਾਫ਼ ਪਹਿਲਾਂ ਵੀ ਨਸ਼ੇ ਦੇ ਮੁਕੱਦਮੇ ਦਰਜ
ਬਠਿੰਡਾ, 23 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਐਂਟੀ ਨਾਰਕੋਟਿਕਸ ਟਾਸਕ ਫੋਰਸ ਪੰਜਾਬ ਦੀ ਬਠਿੰਡਾ ਇਕਾਈ ਨੇ ਚਾਰ ਨੌਜਵਾਨਾਂ ਨੂੰ ਵੱਡੀ ਮਾਤਰਾ 'ਚ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ, ਜਿੰਨ੍ਹਾਂ ਦੇ ਖਿਲਾਫ਼ ਏ.ਐਨ.ਟੀ.ਐਫ. ਦੇ ਮੋਹਾਲੀ ਸਥਿਤ ਮੁੱਖ ਥਾਣੇ 'ਚ ਨਸ਼ਾ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਹੈ | ਐਂਟੀ ਨਾਰਕੋਟਿਕਸ ਟਾਸਕ ਫੋਰਸ ਬਠਿੰਡਾ ਦੇ ਏ.ਐਸ.ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਜਦੋਂ ਬੀਤੇ ਕੱਲ੍ਹ ਉਨ੍ਹਾਂ ਦੀ ਟੀਮ ਵਲੋਂ ਬਠਿੰਡਾ-ਮਲੋਟ ਰੋਡ 'ਤੇ ਸ਼ੱਕੀ ਵਿਅਕਤੀਆਂ ਸਬੰਧੀ ਗਸ਼ਤ ਕੀਤੀ ਜਾ ਰਹੀ ਸੀ ਤਾਂ ਉੱਥੋਂ ਦੇ ਇਕ ਪੈਟਰੋਲ ਪੰਪ ਨਜ਼ਦੀਕ ਖੜ੍ਹੇ ਬੁਲਟ ਅਤੇ ਸਪਲੈਂਡਰ ਮੋਟਰ ਸਾਈਕਲ ਸਵਾਰ ਚਾਰ ਨੌਜਵਾਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿੰਨ੍ਹਾਂ ਦਾ ਸ਼ੱਕੀ ਹੋਣ ਕਰਕੇ ਪੁਲਿਸ ਪਾਰਟੀ ਨੇ ਪਿੱਛਾ ਕੀਤਾ ਤੇ ਮੋਟਰ ਸਾਈਕਲ ਸਵਾਰ ਚਾਰੋਂ ਨੌਜਵਾਨਾਂ ਨੂੰ ਖੇਤਾ ਸਿੰਘ ਬਸਤੀ ਨਜ਼ਦੀਕ ਸਥਿਤ ਇਕ ਮਾਰਕੀਟ 'ਚ ਘੇਰਾ ਪਾ ਕੇ ਕਾਬੂ ਕਰ ਲਿਆ ਤੇ ਜਦੋਂ ਇੰਨ੍ਹਾਂ ਦੀ ਤਲਾਸ਼ੀ ਲਈ ਤਾਂ ਇੰਨ੍ਹਾਂ ਦੇ ਕਬਜ਼ੇ 'ਚੋਂ 299 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਪਹਿਚਾਣ ਜਤਿੰਦਰ ਸਿੰਘ ਵਾਸੀ ਬੀੜ ਤਲਾਬ, ਦਲਜੀਤ ਸਿੰਘ ਵਾਸੀ ਕੋਠੇ ਕਾਮੇ ਅਤੇ ਰਣਬੀਰ ਸਿੰਘ ਤੇ ਮੁਨੀਸ਼ ਕੁਮਾਰ ਵਾਸੀਆਨ ਖੇਤਾ ਸਿੰਘ ਬਸਤੀ (ਬਠਿੰਡਾ) ਵਜੋਂ ਹੋਈ ਹੈ, ਜਿੰਨ੍ਹਾਂ ਦੇ ਖਿਲਾਫ਼ ਐਂਟੀ ਨਾਰਕੋਟਿਕਸ ਟਾਸਕ ਫੋਰਸ ਥਾਣਾ ਮੋਹਾਲੀ ਵਿਖੇ ਨਸ਼ਾ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਰਾਜਪਾਲ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛ-ਗਿੱਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਹ ਇਹ ਹੈਰੋਇਨ ਤਰਨਤਾਰਨ ਦੇ ਖੇਤਰ 'ਚੋਂ ਲੈ ਕੇ ਆਏ ਸਨ, ਜਿਸ ਨੂੰ ਬਠਿੰਡਾ ਸਮੇਤ ਆਸ-ਪਾਸ ਦੇ ਖੇਤਰ ਵਿਚ ਸਪਲਾਈ ਕੀਤਾ ਜਾਣਾ ਸੀ, ਪਰ ਸਮਾਂ ਰਹਿੰਦਿਆਂ ਹੀ ਉਨ੍ਹਾਂ ਨੂੰ ਟਾਸਕ ਫੋਰਸ ਨੇ ਦਬੋਚ ਲਿਆ | ਉਨ੍ਹਾਂ ਦੱਸਿਆ ਕਿ ਜਤਿੰਦਰ, ਰਣਬੀਰ ਤੇ ਮੁਨੀਸ਼ ਦੇ ਖਿਲਾਫ਼ ਪਹਿਲਾਂ ਵੀ ਨਸ਼ਾ ਰੋਕੂ ਕਾਨੂੰਨ ਤਹਿਤ ਮੁਕੱਦਮੇ ਦਰਜ ਹਨ, ਜੋ ਜ਼ਮਾਨਤ 'ਤੇ ਬਾਹਰ ਆਉਣ ਬਾਅਦ ਮੁੜ ਨਸ਼ੇ ਦੇ ਧੰਦੇ 'ਚ ਜੁਟ ਗਏ ਸਨ | ਉਨ੍ਹਾਂ ਕਿਹਾ ਕਿ ਹੋਰ ਪੁੱਛ-ਗਿੱਛ ਲਈ ਕਥਿਤ ਦੋਸ਼ੀਆਂ ਦਾ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ, ਜਿਸ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ |
ਐਂਟੀ ਨਾਰਕੋਟਿਕਸ ਟਾਸਕ ਫੋਰਸ ਵਲੋਂ ਚਾਰ ਨੌਜਵਾਨ 299 ਗਰਾਮ ਹੈਰਇਨ ਸਮੇਤ ਗਿ੍ਫ਼ਤਾਰ
ਅਜੀਤ ਡੈਸਕ
24-09-2025