ਬਠਿੰਡਾ, 26 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਘਰੇਲੂ ਉਤਪਾਦ ਅਤੇ ਖੇਤੀਬਾੜੀ ਨਾਲ ਸਬੰਧਿਤ ਸੰਦਾਂ 'ਤੇ ਜੀਐਸਟੀ ਦੀਆਂ ਦਰਾਂ 'ਚ ਭਾਰੀ ਕਟੌਤੀ ਕਰਕੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਤੇ ਕਿਸਾਨਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਭਾਜਪਾ ਦੇ ਸਥਾਨਕ ਦਫ਼ਤਰ ਵਿਖੇ ਪ੍ਰੈਸ ਕਾਨਫ਼ਰੰਸ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ | ਸੂਬੇ ਦੇ ਕਿਸਾਨ ਆਰਥਿਕ ਪੱਖੋਂ ਮਜ਼ਬੂਤ ਹੋਣ ਨਾਲ ਹੀ ਸੂਬੇ ਦੀ ਤਰੱਕੀ ਤੇ ਖ਼ੁਸ਼ਹਾਲੀ ਜੁੜੀ ਹੋਈ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨ ਤੇ ਕਿਸਾਨੀ ਨੂੰ ਲੈ ਕੇ ਹਮੇਸ਼ਾ ਸੁਹਿਰਦ ਰਹੇ ਹਨ | ਜੀਐਸਟੀ ਦੀਆਂ ਦਰਾਂ ਘੱਟ ਕਰਨ ਸਮੇਂ ਕਿਸਾਨੀ ਨੂੰ ਤਰਜੀਹ ਦਿੱਤੀ ਗਈ | ਕਿਸਾਨੀ ਲਈ ਖੇਤੀਬਾੜੀ ਨਾਲ ਜੁੜੇ ਸੰਦਾਂ ਅਤੇ ਮਸ਼ੀਨਰੀ 'ਤੇ ਜੀਐਸਟੀ ਘਟਾਉਣ ਦੇ ਨਾਲ-ਨਾਲ ਖਾਦਾਂ, ਬੀਜ ਅਤੇ ਕੀੜੇਮਾਰ ਦਵਾਈਆਂ 'ਤੇ ਵੀ ਜੀਐਸਟੀ ਦੀਆਂ ਦਰਾਂ 'ਚ ਕਟੌਤੀ ਕੀਤੀ ਗਈ, ਇਸ ਤੋਂ ਇਲਾਵਾ ਸਿਹਤ ਬੀਮਾ ਕਰਵਾਉਣ ਵਾਲੇ ਕਰੋੜਾਂ ਲੋਕਾਂ ਨੂੰ ਲਾਭ ਮਿਲੇਗਾ ਤੇ ਲੋਕ ਸਿਹਤ ਬੀਮਾ ਕਰਵਾਉਣ ਲਈ ਉਤਸ਼ਾਹਿਤ ਹੋਣਗੇ | ਇਸ ਮੌਕੇ ਯੁਵਾ ਮੋਰਚਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਗੁਰਜੀਤ ਸਿੰਘ ਗੋਰਾ ਦਿਉਣ, ਬੂਟਾ ਭਾਈਰੂਪਾ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਵੀ ਹਾਜਿਰ ਸਨ |