ਬਾਲਿਆਂਵਾਲੀ, 26 ਸਤੰਬਰ (ਮਤਵਾਲਾ)-ਮਾਤਾ ਦੁਰਗਾ ਦਾ ਛਿਮਾਹੀ ਮੇਲਾ ਹਰ ਵਾਰ ਦੀ ਤਰ੍ਹਾਂ ਸ਼ਿਵ ਮੰਦਿਰ ਬਾਲਿਆਂਵਾਲੀ (ਬਠਿੰਡਾ) ਵਿਖੇ ਅੱਸ਼ੂ ਮਹੀਨੇ ਦੇ ਚਾਨਣ ਪੱਖ ਦੀ ਪੰਚਵੀਂ (ਪੰਜਵੇਂ ਨਵਰਾਤੇ) 27 ਸਤੰਬਰ ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ | ਇਸ ਮੇਲੇ ਦੇ ਇਤਿਹਾਸ ਬਾਰੇ ਪ੍ਰਬੰਧਕਾਂ ਨੇ ਦੱਸਿਆ ਕਿ ਮਾਤਾ ਲਾਟਾਂ ਵਾਲੀ ਤੇ ਮਾਤਾ ਮਾਈਸਰਖਾਨੇ ਵਾਲੀ ਦੇ ਨਾਲ ਜੁੜਿਆ ਹੋਇਆ ਹੈ | ਇੱਥੇ ਹਜ਼ਾਰਾਂ ਭਗਤ ਸੁੱਖਾਂ ਲਹਾਉਣ ਲਈ ਦੂਰੋਂ-ਦੂਰੋਂ ਆਉਂਦੇ ਹਨ | ਇਸ ਮੌਕੇ ਨਗਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਵਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਜਦਕਿ ਕਮੇਟੀ ਵਲੋਂ ਮੰਦਰ ਨੂੰ ਫੁੱਲਾਂ ਅਤੇ ਬਿਜਲੀ ਦੀਆਂ ਲੜੀਆਂ ਨਾਲ ਬਾਖ਼ੂਬੀ ਸਜਾਇਆ ਜਾਂਦਾ ਹੈ | ਇਸ ਮੌਕੇ ਜੈ ਦੁਰਗਾ ਲੰਗਰ ਕਮੇਟੀ ਵਲੋਂ ਹਰ ਛਿਮਾਹੀ 'ਤੇ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ | ਇਸ ਮੌਕੇ ਖਿਡੌਣਿਆਂ ਦੇ ਬਾਜ਼ਾਰ ਅਤੇ ਹੋਰ ਸਜਾਵਟੀ ਸਾਮਾਨ ਦੇ ਬਾਜ਼ਾਰ ਬੜੇ ਮਨਮੋਹਕ ਹੁੰਦੇ ਹਨ |