ਜੋਗਾ, 4 ਨਵੰਬਰ (ਹਰਜਿੰਦਰ ਸਿੰਘ ਚਹਿਲ)-ਸਥਾਨਕ ਕਸਬੇ ਦੇ ਸ਼ਮਸ਼ਾਨ ਘਾਟ 'ਚੋਂ ਅੱਜ ਨੌਜਵਾਨ ਦੀ ਭੇਦ ਭਰੇ ਹਾਲਾਤ ਵਿਚ ਲਾਸ਼ ਮਿਲੀ ਹੈ | ਜਾਣਕਾਰੀ ਮੁਤਾਬਕ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਕੋਈ ਘਰ ਦੇ ਝਗੜੇ ਕਾਰਨ ਘਰ ਤੋਂ ਲਾਪਤਾ ਸੀ, ਜਿਸ ਦੀ ਪਰਿਵਾਰ ਵਲੋਂ ਭਾਲ ਜਾਰੀ ਸੀ ਪ੍ਰੰਤੂ ਜਦੋਂ ਅੱਜ ਅਚਾਨਕ ਸ਼ਮਸ਼ਾਨ ਘਾਟ ਵਿਚ ਕਸਬੇ ਦੇ ਕਿਸੇ ਵਿਅਕਤੀ ਦਾ ਸਸਕਾਰ ਕਰਨ ਲਈ ਲੋਕ ਸ਼ਮਸ਼ਾਨ ਘਾਟ ਵਿਚ ਗਏ ਤਾਂ ਉਨ੍ਹਾਂ ਵਿਚੋਂ ਇਕ ਵਿਅਕਤੀ ਦਾ ਧਿਆਨ ਨੌਜਵਾਨ ਦੀ ਲਾਸ਼ ਵਿਚ ਉੱਪਰ ਪਿਆ, ਜਿਸ ਤੋਂ ਬਾਅਦ ਪੂਰੇ ਕਸਬੇ ਵਿਚ ਹਲਚਲ ਹੋ ਗਈ | ਜਦੋਂ ਮੌਕੇ ਉੱਪਰ ਜਾ ਕੇ ਦੇਖਿਆ ਤਾਂ ਮਿ੍ਤਕ ਕੋਲ ਸ਼ਰਾਬ ਦੀ ਖ਼ਾਲੀ ਬੋਤਲ ਪਈ ਸੀ ਅਤੇ ਲਾਸ਼ ਪੂਰੀ ਤਰਾਂ ਗਲੀ ਸੜੀ ਹੋਈ ਸੀ ਅਤੇ ਸਰੀਰ ਵਿਚ ਕੀੜੇ ਪੈ ਚੁੱਕੇ ਸਨ | ਤਫ਼ਤੀਸ਼ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਲਾਸ਼ ਗੱਗੂ ਸਿੰਘ ਪੁੱਤਰ ਮੀਤ ਸਿੰਘ (25) ਵਾਸੀ ਜੋਗਾ ਹੈ | ਪਰਿਵਾਰਿਕ ਮੈਂਬਰਾਂ ਅਤੇ ਨਗਰ ਪੰਚਾਇਤ ਜੋਗਾ ਵਲੋਂ ਲਾਸ਼ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਮੌਕੇ 'ਤੇ ਸਸਕਾਰ ਕਰ ਦਿੱਤਾ ਗਿਆ | ਉੱਧਰ ਇਸ ਸਬੰਧੀ ਜਦੋਂ ਥਾਣਾ ਮੁਖੀ ਜੋਗਾ ਗੁਰਮੇਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਅਤੇ ਨਗਰ ਪੰਚਾਇਤ ਜੋਗਾ ਦੀ ਸਹਿਮਤੀ ਨਾਲ ਸਸਕਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |