ਬਠਿੰਡਾ, 4 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਇੱਕ ਮੀਟਿੰਗ ਪੀਸੀਏ ਦੇ ਪ੍ਰਧਾਨ ਸੁਰਿੰਦਰ ਦੁੱਗਲ ਦੀ ਪ੍ਰਧਾਨਗੀ ਹੇਠ ਅੰਮਿ੍ਤਸਰ ਵਿਚ ਹੋਈ, ਜਿਸ ਵਿਚ ਪੀਸੀਏ ਦੇ ਜਨਰਲ ਸਕੱਤਰ ਜੀਐਸ ਚਾਵਲਾ, ਪੰਜਾਬ ਭਰ ਦੇ ਪ੍ਰਧਾਨ ਅਤੇ ਸਕੱਤਰ ਸ਼ਾਮਲ ਹੋਏ | ਇਸ ਦੌਰਾਨ ਅੰਮਿ੍ਤਸਰ ਤੋਂ ਵਿਧਾਇਕ ਮੈਡਮ ਜੀਵਨਜੋਤ ਕੌਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ, ਜਿਸ ਵਿਚ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੁਆਰਾ ਲਾਗੂ ਕੀਤੇ ਗਏ ਜਨਰਲ ਕੈਮਿਸਟਾਂ ਅਤੇ ਕਾਰਪੋਰੇਟਰਜ ਲਈ ਵੱਖਰੇ ਨਿਯਮਾਂ ਨੂੰ ਖ਼ਤਮ ਕਰਨਾ, ਪੰਜਾਬ ਪੁਲਿਸ ਦੀ ਜਾਂਚ ਦੌਰਾਨ ਡਰੱਗ ਵਿਭਾਗ ਦੀ ਮੌਜੂਦਗੀ ਨੂੰ ਲਾਜ਼ਮੀ ਬਣਾਉਣਾ, ਪ੍ਰਧਾਨ ਮੰਤਰੀ ਜਨ ਅÏਸ਼ਧੀ ਦੁਕਾਨਾਂ ਦੁਆਰਾ ਕਵਰ ਕੀਤੀਆਂ ਜਾਣ ਵਾਲੀਆਂ ਦਵਾਈਆਂ ਤੋਂ ਇਲਾਵਾ ਹੋਰ ਦਵਾਈਆਂ ਦੀ ਵਿੱਕਰੀ 'ਤੇ ਪਾਬੰਦੀ ਲਗਾਉਣਾ, ਸ਼ਡਿਊਲ ਐੱਚ ਰਜਿਸਟਰ ਲਈ ਪਰੇਸ਼ਾਨੀ ਨੂੰ ਰੋਕਣਾ, ਪੰਜਾਬ ਭਰ ਦੇ ਸਾਰੇ ਜ਼ਿਲਿ੍ਹਆਂ ਵਿਚ ਕੈਮਿਸਟ ਲਾਇਸੈਂਸ ਰਿਨਿਉ ਲਈ ਇੱਕ ਸਮਾਨ ਨੀਤੀ ਲਾਗੂ ਕਰਨਾ ਅਤੇ ਲਾਇਸੈਂਸ ਜਾਰੀ ਹੋਣ 'ਤੇ ਕੈਮਿਸਟਾਂ ਨੂੰ ਪਾਸਵਰਡ ਪ੍ਰਦਾਨ ਕਰਨਾ ਸ਼ਾਮਲ ਹੈ | ਪ੍ਰਧਾਨ ਸੁਰਿੰਦਰ ਦੁੱਗਲ ਨੇ ਕਿਹਾ ਕਿ ਦਵਾਈਆਂ 'ਤੇ ਹੁਣ ਜੀਐਸਟੀ 2 ਅਧੀਨ 5 ਪ੍ਰਤੀਸ਼ਤ ਟੈਕਸ ਲਗਾਇਆ ਜਾਂਦਾ ਹੈ, ਇਸ ਲਈ ਸਰਕਾਰ ਨੂੰ ਛੋਟੇ ਦੁਕਾਨਦਾਰਾਂ ਅਤੇ ਕੰਪੋਜ਼ੀਸ਼ਨ ਸਕੀਮ ਅਧੀਨ ਆਉਣ ਵਾਲੀਆਂ ਦੁਕਾਨਾਂ ਨੂੰ ਵਿਸ਼ੇਸ਼ ਸਹਾਇਤਾ ਪੈਕੇਜ ਪ੍ਰਦਾਨ ਕਰਨਾ ਚਾਹੀਦਾ ਹੈ | ਵਿਧਾਇਕ ਜੀਵਨਜੋਤ ਕੌਰ ਨੇ ਪੀਸੀਏ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੰਜਾਬ ਦੇ ਸਿਹਤ ਮੰਤਰੀ ਸਾਹਮਣੇ ਰੱਖਣਗੇ, ਜਿਸ ਨਾਲ ਜਲਦੀ ਹੱਲ ਹੋ ਸਕੇਗਾ | ਇਸ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਰੁਪਿੰਦਰ ਗੁਪਤਾ, ਸਾਬਕਾ ਹੋਲਸੇਲ ਪ੍ਰਧਾਨ ਦਰਸ਼ਨ ਜੋੜਾ, ਰਿਟੇਲ ਕੈਮਿਸਟ ਕੈਸ਼ੀਅਰ ਪੋਰਿੰਦਰ ਸਿੰਗਲਾ, ਮਾਨਸਾ ਦੇ ਪ੍ਰਧਾਨ ਅਜੈ ਕੁਮਾਰ ਵੀ ਮੌਜੂਦ ਸਨ |