ਰਾਮਪੁਰਾ ਫੂਲ, 4 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਲਾਲਾ ਕਸਤੂਰੀ ਲਾਲ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਵਲੋਂ ਵਿਸ਼ੇਸ਼ ਧਾਰਮਿਕ ਯਾਤਰਾ ਦਾ ਆਯੋਜਨ ਕੀਤਾ ਗਿਆ | ਪਿ੍ੰਸੀਪਲ ਰਪਿੰਦਰ ਪਟਿਆਲ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਵਾਏ ਗਏ | ਪ੍ਰੀ-ਪ੍ਰਾਈਮਰੀ ਜਮਾਤਾਂ ਦੇ ਬੱਚਿਆਂ ਨੂੰ ਫੂਲ ਟਾਊਨ ਵਿਖੇ ਸਥਿਤ ਅਕਾਲਗੜ੍ਹ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਗਏ | ਇਸੇ ਤਰ੍ਹਾਂ ਜਮਾਤ ਤੀਜੀ, ਚੌਥੀ ਅਤੇ ਪੰਜਵੀਂ ਦੇ ਵਿਦਿਆਰਥੀ ਪਿੰਡ ਮਹਿਰਾਜ ਵਿਖੇ ਸਥਿਤ ਗੁਰਦੁਆਰਾ ਸਾਹਿਬ ਫਲਾਈਆ ਵਾਲਾ ਮਹਿਰਾਜ ਗਏ, ਜਿੱਥੇ ਉਨ੍ਹਾਂ ਨੇ ਗੁਰੂ ਮਹਾਰਾਜ ਅੱਗੇ ਸ਼ਰਧਾ ਨਾਲ ਮੱਥਾ ਟੇਕਿਆ ਤੇ ਅਸ਼ੀਰਵਾਦ ਪ੍ਰਾਪਤ ਕੀਤਾ | ਛੇਵੀਂ ਜਮਾਤ ਤੋਂ ਉੱਪਰ ਦੇ ਵਿਦਿਆਰਥੀਆਂ ਨੇ ਰਾਮਪੁਰਾ ਫੂਲ ਗੁਰਦੁਆਰਾ ਛੇਵੀਂ ਪਾਤਸ਼ਾਹੀ ਸਾਹਿਬ, ਵਿਖੇ ਨਤਮਸਤਕ ਹੋ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵ ਨਾਲ ਮਨਾਇਆ | ਸਾਰੇ ਵਿਦਿਆਰਥੀਆਂ ਨੇ ਗੁਰੂ ਦਾ ਲੰਗਰ ਛੱਕਿਆ ਅਤੇ ਗੁਰਬਾਣੀ ਸੁਣ ਕੇ ਆਤਮਕ ਅਨੰਦ ਮਾਣਿਆ | ਇਸ ਮੌਕੇ ਕੋਆਰਡੀਨੇਟਰ ਜੋਤੀ ਖੁਰਾਣਾ, ਨਿਰਮਲਜੀਤ ਕੌਰ, ਅਨਮੋਲ ਕੌਸ਼ਲ, ਅਧਿਆਪਕ ਬਲਜੀਤ ਸਿੰਘ, ਅਮਰਜੀਤ ਸਿੰਘ, ਅਕਸ਼ੇ ਜੀ ਅਤੇ ਸਾਰੀਆਂ ਜਮਾਤਾਂ ਦੇ ਇੰਚਾਰਜ ਅਧਿਆਪਕ ਮੌਜੂਦ ਸਨ | ਸਭ ਨੇ ਰਲ ਕੇ 'ਸਰਬੱਤ ਦੇ ਭਲੇ' ਲਈ ਅਰਦਾਸ ਕੀਤੀ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਪਿ੍ੰਸੀਪਲ ਰਪਿੰਦਰ ਪਟਿਆਲ ਨੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ 'ਤੇ ਚੱਲਣ ਦੀ ਪ੍ਰੇਰਣਾ ਦਿੱਤੀ ਅਤੇ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਸਾਨੂੰ ਸੱਚ, ਸੇਵਾ ਅਤੇ ਨਿਮਰਤਾ ਦੇ ਰਸਤੇ 'ਤੇ ਤੁਰਨ ਦੀ ਸਿੱਖਿਆ ਦਿੰਦੀ ਹੈ |