ਕੋਟਫੱਤਾ, 24 ਨਵੰਬਰ (ਰਣਜੀਤ ਸਿੰਘ ਬੁੱਟਰ)-ਪਿੰਡ ਗੁਲਾਬਗੜ੍ਹ ਵਿਖੇ ਨੌਜਵਾਨ ਸਰਪੰਚ ਲਖਪ੍ਰੀਤ ਸਿੰਘ ਬਰਾੜ ਦੀ ਅਗਵਾਈ ਵਿਚ ਪਿੰਡ ਦੀ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਛੱਪੜ ਵਿਚੋਂ 70 ਸਾਲਾਂ ਬਾਅਦ ਗਾਰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ | ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਖਚੈਨ ਸਿੰਘ ਨੇ ਅਰਦਾਸ ਕਰਕੇ ਕੰਮ ਦੀ ਸ਼ੁਰੂਆਤ ਕਰਵਾਈ | ਇਹ ਛੱਪੜ ਪਿੰਡ ਵਿਚ ਹੋਣ ਕਰਕੇ ਨਜ਼ਦੀਕ ਰਹਿੰਦੇ ਘਰਾਂ ਲਈ ਬਿਮਾਰੀਆਂ ਦਾ ਕਾਰਨ ਬਣਿਆ ਹੋਇਆ ਸੀ | ਪਿੰਡ ਦੀਆਂ ਗਲੀਆਂ ਨਾਲੀਆਂ ਦਾ ਗੰਦਾ ਪਾਣੀ ਇਸ ਛੱਪੜ ਵਿਚ ਪੈਣ ਕਾਰਨ ਲੋਕ ਪ੍ਰੇਸ਼ਾਨ ਸਨ ਕਿਉਂਕਿ ਬਾਰਿਸ਼ਾਂ ਦੇ ਸਮੇਂ ਨੇੜਲੇ ਘਰਾਂ ਨੂੰ ਵੱਡੀ ਮੁਸ਼ਕਿਲ ਆਉਂਦੀ ਸੀ | ਪਿੰਡ ਦੀ ਪੰਚਾਇਤ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਇਸ ਛੱਪੜ ਦੀ ਪੁਟਾਈ ਦਾ ਕੰਮ ਸ਼ੁਰੂ ਕੀਤਾ ਗਿਆ | ਸਰਪੰਚ ਲੱਖਪ੍ਰੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਇਸ ਛੱਪੜ ਵਿਚੋਂ ਨਿਕਲਣ ਵਾਲੀ ਮਿੱਟੀ ਪਿੰਡ ਵਿਚ ਬਣੇ ਦੂਸਰੇ ਛੱਪੜ ਦੇ ਚਾਰ ਚੁਫ਼ੇਰੇ ਲਾਕੇ ਉਸ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ ਨਾਲ ਪਿੰਡ ਵਾਸੀਆਂ ਨੂੰ ਬਾਰਿਸ਼ਾਂ ਦੇ ਸਮੇਂ ਕੋਈ ਵੀ ਮੁਸ਼ਕਿਲ ਨਹੀਂ ਆਵੇਗੀ | ਇਸ ਮੌਕੇ ਤੇ ਹਰਪ੍ਰੀਤ ਸਿੰਘ ਪੰਚ, ਗੁਰਦਿੱਤ ਸਿੰਘ ਪੰਚ, ਹਰਪਾਲ ਕੌਰ ਪੰਚ, ਸਿਮਰਜੀਤ ਕੌਰ ਪੰਚ, ਬੇਅੰਤ ਕੌਰ ਪੰਚ, ਰਾਮ ਸਿੰਘ ਪੰਚ, ਨੰਦ ਸਿੰਘ ਪੰਚ ਤੋਂ ਇਲਾਵਾ ਤੇਜਾ ਸਿੰਘ, ਗੁਰਦੀਪ ਸਿੰਘ ਕਲੱਬ ਪ੍ਰਧਾਨ, ਬਿੰਦਰ ਸਿੰਘ, ਸੁਖਬੀਰ ਸਿੰਘ ਬੱਬੀ ਬਰਾੜ, ਹਰਮਨ ਬਰਾੜ, ਸੰਦੀਪ ਸਿੰਘ ਆਦਿ ਹਾਜ਼ਰ ਸਨ |