ਬਠਿੰਡਾ, 18 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਤਾਮਿਲਨਾਡੂ ਦੇ ਕਿਸਾਨ ਆਗੂ ਪੀ.ਆਰ. ਪਾਂਡਿਅਨ ਅਤੇ ਸੇਲਵਰਾਜ ਦੀ ਰਿਹਾਈ ਲਈ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਸੜਕਾਂ 'ਤੇ ਉੱਤਰ ਆਇਆ ਹੈ, ਜਿਸ ਵਲੋਂ ਪੰਜਾਬ ਭਰ 'ਚ ਜਿਲ੍ਹਾ ਮੁੱਖ ਦਫਤਰਾਂ 'ਤੇ ਰੋਸ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਗਏ | ਇਸੇ ਕੜੀ ਤਹਿਤ ਮੋਰਚੇ 'ਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਬਠਿੰਡਾ ਦੇ ਮਿੰਨੀ ਸਕੱਤਰੇਤ ਮੂਹਰੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਰਾਸ਼ਟਰਪਤੀ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਿਆ ਗਿਆ | ਇਸ ਮੌਕੇ ਭਾਕਿਯੂ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ, ਮੁਖਤਿਆਰ ਸਿੰਘ ਕੁੱਬੇ, ਗੁਰਮੇਲ ਸਿੰਘ ਲਹਿਰਾ, ਜੋਧਾ ਸਿੰਘ ਨੰਗਲਾ, ਅਮਰਜੀਤ ਕੌਰ ਮੰਡੀਕਲਾਂ, ਕੁਲਵੰਤ ਸਿੰਘ ਨੇਹੀਆਂਵਾਲਾ, ਅੰਗਰੇਜ਼ ਸਿੰਘ ਕਲਿਆਣ, ਸੁਖਦੇਵ ਸਿੰਘ ਫੂਲ, ਗੁਰਜੰਟ ਸਿੰਘ ਕੋਠਾਗੁਰੂ, ਜਸਵਿੰਦਰ ਸਿੰਘ ਕਲਿਆਣ ਤੇ ਬਲਵਿੰਦਰ ਸਿੰਘ ਮਾਨਸਾ ਕਲਾਂ ਨੇ ਕਿਹਾ ਕਿ ਤਾਮਿਲਨਾਡੂ ਦੇ ਕਰੀਮੰਗਲਮ ਵਿਚ ਰਾਜ ਸਰਕਾਰ ਵਲੋਂ ਐਲਾਨੀ ਸੁਰੱਖਿਅਤ ਖੇਤੀਬਾੜੀ ਜ਼ਮੀਨ ਖੇਤਰ ਵਿਚ ਓ.ਐਨ.ਜੀ.ਸੀ. ਕੰਪਨੀ ਵਲੋਂ ਖੁਦਾਈ ਅਤੇ ਡਿ੍ਲਿੰਗ ਦਾ ਕੰਮ ਕੀਤਾ ਜਾ ਰਿਹਾ ਸੀ, ਜਿਸ ਦੇ ਖੇਤੀਬਾੜੀ ਅਤੇ ਵਾਤਾਵਰਣ ਉੱਪਰ ਪੈਣ ਵਾਲੇ ਵਿਨਾਸ਼ਕਾਰੀ ਅਸਰ ਵਿਰੁੱਧ ਕਿਸਾਨਾਂ ਵਲੋਂ ਪੀ.ਆਰ. ਪਾਂਡਿਅਨ ਤੇ ਸੇਲਵਰਾਜ ਦੀ ਅਗਵਾਈ ਵਿਚ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪਰ ਕੰਪਨੀ ਵਲੋਂ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਸਾਜ਼ਿਸ਼ ਤਹਿਤ ਉਨ੍ਹਾਂ 'ਤੇ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ, ਜਿਸ ਵਿਚ ਤਿਰੂਵਰੂਰ ਦੀ ਫਾਸਟ ਟਰੈਕ ਅਦਾਲਤ ਨੇ ਕਿਸਾਨ ਆਗੂਆਂ ਪਾਂਡਿਅਨ ਅਤੇ ਸੇਲਵਰਾਜ ਨੂੰ ਬੀਤੇ 6 ਦਸੰਬਰ ਨੂੰ 13-13 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਅਤੇ ਦੋਵੇਂ ਕਿਸਾਨ ਆਗੂ ਜੇਲ੍ਹ ਵਿਚ ਬੰਦ ਹਨ | ਉਨ੍ਹਾਂ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਕਿਸਾਨ ਆਗੂਆਂ ਦੀ ਰਿਹਾਈ ਲਈ ਤੁਰੰਤ ਦਖਲ ਦਿੱਤਾ ਜਾਵੇ, ਨਹੀਂ ਤਾਂ ਦੇਸ਼ ਭਰ 'ਚ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਤੋਂ ਪਹਿਲਾਂ ਬਠਿੰਡਾ ਦੀ ਦਾਣਾ ਮੰਡੀ ਵਿਚ ਇਕੱਤਰ ਹੋਏ ਕਿਸਾਨਾਂ ਅਤੇ ਕਿਸਾਨ ਅÏਰਤਾਂ ਵਲੋਂ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕੀਤਾ ਗਿਆ |
ਤਾਮਿਲਨਾਡੂ ਦੇ ਕਿਸਾਨ ਆਗੂਆਂ ਦੀ ਰਿਹਾਈ ਲਈ ਸੰਯੁਕਤ ਕਿਸਾਨ ਮੋਰਚਾ ਸੜਕਾਂ 'ਤੇ ਉਤਰਿਆ <br/>
ਬਠਿੰਡਾ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ | ਤਸਵੀਰ : ਲਵਲੀ<br/>
19-12-2025