ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਕੋਲ ਬਹੁਮਤ, ਚੇਅਰਮੈਨੀ ਤੈਅ <br/>
ਅਜੀਤ ਡੈਸਕ
19-12-2025
ਬਠਿੰਡਾ, 18 ਦਸੰਬਰ :-ਪੰਜਾਬ ਅੰਦਰ ਬੀਤੇ 14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਸਾਹਮਣੇ ਆਏ ਨਤੀਜਿਆਂ ਨੇ ਸਿਆਸੀ ਧਿਰਾਂ ਦਾ ਗਣਿਤ ਵਿਗਾੜ ਕੇ ਰੱਖ ਦਿੱਤਾ ਹੈ, ਜਿੱਥੇ ਸੂਬੇ ਦੇ ਕਈ ਹਿੱਸਿਆਂ 'ਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਭਾਰੂ ਰਹੀ ਹੈ, ਉੱਥੇ ਕਈ ਜ਼ਿਲਿ੍ਹਆਂ 'ਚ ਕਾਂਗਰਸ ਅਤੇ ਕਈ ਵਿਚ ਸ਼੍ਰੋਮਣੀ ਅਕਾਲੀ ਦਲ, ਬਸਪਾ ਅਤੇ ਆਜ਼ਾਦ ਉਮੀਦਵਾਰ ਜਿੱਤ ਦੇ ਝੰਡੇ ਗੱਡਣ ਦਾ ਸਫਲ ਰਹੇ ਹਨ |
ਇਸੇ ਤਰ੍ਹਾਂ ਜ਼ਿਲ੍ਹਾ ਬਠਿੰਡਾ 'ਚ ਸਾਹਮਣੇ ਆਏ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਨਤੀਜਿਆਂ ਨੇ ਵੀ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ, ਕਿਉਂਕਿ ਜ਼ਿਲੇ੍ਹ ਭਰ 'ਚ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਪੱਛੜ ਗਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਹੰੂਝਾ ਫੇਰ ਜਿੱਤ ਹਾਸਲ ਕੀਤੀ ਹੈ, ਜਦਕਿ ਕੁਝ ਕੁ ਸੀਟਾਂ ਕਾਂਗਰਸ ਪਾਰਟੀ ਦੇ ਹਿੱਸੇ ਆਈਆਂ ਹਨ ਤੇ ਕੁਝ ਆਜ਼ਾਦ ਉਮੀਦਵਾਰ ਵੀ ਸਫਲ ਹੋਏ ਹਨ |
ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜਿਆਂ 'ਤੇ ਝਾਤ ਮਾਰੀ ਜਾਵੇ ਤਾਂ ਜ਼ਿਲੇ੍ਹ ਭਰ ਦੀਆਂ ਕੁਲ 17 ਸੀਟਾਂ 'ਚੋਂ 13 ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈਆਂ ਹਨ, ਜਦਕਿ ਸੱਤਾਧਾਰੀ ਧਿਰ 'ਆਪ' ਨੂੰ 4 ਸੀਟਾਂ 'ਤੇ ਸਬਰ ਕਰਨਾ ਪਿਆ ਤੇ ਕਾਂਗਰਸ ਪਾਰਟੀ ਕੋਈ ਸੀਟ ਹਾਸਲ ਨਹੀਂ ਕਰ ਸਕੀ |
ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਭਾਰੀ ਬਹੁਮਤ ਹਾਸਲ ਕੀਤਾ ਹੈ, ਜਿਸ ਦੇ ਚੱਲਦਿਆਂ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਚੇਅਰਮੈਨੀ ਕਿਸੇ ਵੀ ਹਾਲਤ ਵਿਚ ਆਮ ਆਦਮੀ ਪਾਰਟੀ ਨੂੰ ਨਸੀਬ ਹੋਣੀ ਅਸੰਭਵ ਹੈ ਤੇ ਇਸ ਚੇਅਰਮੈਨੀ ਉੱਪਰ ਸ਼੍ਰੋਮਣੀ ਅਕਾਲੀ ਦਲ ਦਾ ਕਾਬਜ਼ ਹੋਣਾ ਸੰਭਵ ਹੀ ਨਹੀਂ, ਸਗੋਂ ਤੈਅ ਹੀ ਮੰਨਿਆ ਜਾ ਸਕਦਾ | ਇਹ ਪਹਿਲੀਵਾਰ ਦੇਖਣ ਨੂੰ ਮਿਲੇਗੀ ਕੋਈ ਸੱਤਾਧਾਰੀ ਧਿਰ ਆਪਣੇ ਕਾਰਜਕਾਲ ਦੌਰਾਨ ਸਿਆਸਤ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਹਾਸਲ ਕਰਨ ਵਿਚ ਸਫਲ ਨਹੀਂ ਹੋ ਸਕੀ ਹੈ |
ਇਸੇ ਤਰ੍ਹਾਂ ਜ਼ਿਲੇ੍ਹ ਅਧੀਨ ਪੈਂਦੀਆਂ ਪੰਚਾਇਤ ਸੰਮਤੀਆਂ ਦੇ ਨਤੀਜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਕੁਲ ਅੱਠ ਬਲਾਕਾਂ ਦੀਆਂ 137 ਪੰਚਾਇਤ ਸੰਮਤੀਆਂ 'ਚੋਂ ਸੱਤਾਧਾਰੀ ਧਿਰ 'ਆਪ' ਸਿਰਫ਼ 35 ਸੀਟਾਂ 'ਤੇ ਸਿਮਟ ਕੇ ਰਹਿ ਗਈ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ 79 ਅਤੇ ਕਾਂਗਰਸ ਪਾਰਟੀ ਨੇ 16 ਅਤੇ ਆਜ਼ਾਦ ਉਮੀਦਵਾਰਾਂ ਨੇ 7 ਪੰਚਾਇਤ ਸੰਮਤੀਆਂ ਜਿੱਤੀਆਂ ਹਨ |
ਜ਼ਿਲੇ੍ਹ ਦੇ ਕੁਲ 8 ਬਲਾਕਾਂ ਦੇ ਪੰਚਾਇਤ ਸੰਮਤੀ ਦੇ ਨਤੀਜਿਆਂ ਅਨੁਸਾਰ ਗੋਨਿਆਣਾ ਬਲਾਕ ਦੀਆਂ ਕੁਲ 15 ਪੰਚਾਇਤ ਸੰਮਤੀਆਂ 'ਚੋਂ ਅਕਾਲੀ ਦਲ ਨੇ 11, ਕਾਂਗਰਸ ਨੇ 2, ਆਪ ਨੇ 1 ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ ਤੇ ਇਸ ਬਲਾਕ 'ਚ ਅਕਾਲੀ ਦਲ ਕੋਲ ਪੂਰਨ ਬਹੁਮਤ ਹੋਣ ਕਰਕੇ ਇੱਥੇ ਅਕਾਲੀ ਦਲ ਦਾ ਚੇਅਰਮੈਨ ਬਣਨਾ ਤੈਅ ਹੈ | ਇਸੇ ਤਰ੍ਹਾਂ ਨਥਾਣਾ ਬਲਾਕ ਦੀਆਂ ਕੁਲ 16 ਪੰਚਾਇਤ ਸੰਮਤੀਆਂ 'ਚੋਂ ਸ਼੍ਰੋਮਣੀ ਅਕਾਲੀ ਦਲ ਨੇ 13, ਕਾਂਗਰਸ ਨੇ 2 ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ, ਜਦਕਿ 'ਆਪ' ਦਾ ਇੱਥੇ ਖਾਤਾ ਨਹੀਂ ਖੁਲ੍ਹ ਸਕਿਆ, ਜਿਸ ਲਈ ਨਥਾਣਾ ਪੰਚਾਇਤ ਸੰਮਤੀ ਦੀ ਚੇਅਰਮੈਨੀ 'ਤੇ ਅਕਾਲੀ ਦਲ ਕਾਬਜ਼ ਹੋਵੇਗਾ |
ਬਠਿੰਡਾ ਬਲਾਕ ਦੀਆਂ ਕੁਲ 15 ਪੰਚਾਇਤ ਸੰਮਤੀਆਂ 'ਚੋਂ ਵੀ 13 ਅਕਾਲੀ ਦਲ ਦੇ ਹਿੱਸੇ ਆਈਆਂ ਹਨ, ਜਦਕਿ 2 'ਤੇ ਆਪ ਨੇ ਜਿੱਤ ਦਰਜ ਕੀਤੀ ਹੈ ਤੇ ਇੱਥੇ ਕਾਂਗਰਸ ਪਾਰਟੀ ਖਾਤਾ ਨਹੀਂ ਖੋਲ੍ਹ ਸਕੀ ਤੇ ਇਸ ਬਲਾਕ ਦੀ ਚੇਅਰਮੈਨੀ ਵੀ ਅਕਾਲੀ ਦਲ ਦੀ ਪੱਕੀ ਹੈ | ਇਸੇ ਤਰ੍ਹਾਂ ਸੰਗਤ ਬਲਾਕ ਦੀਆਂ ਕੁਲ 15 ਪੰਚਾਇਤ ਸੰਮਤੀਆਂ 'ਚੋਂ 10 'ਤੇ ਅਕਾਲੀ ਦਲ ਜੇਤੂ ਰਿਹਾ, ਜਦਕਿ 'ਆਪ' ਦੇ ਹਿੱਸੇ 3 ਅਤੇ 1-1 ਸੰਮਤੀ ਕਾਂਗਰਸ ਅਤੇ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ ਹੈ ਤੇ ਇੱਥੇ ਵੀ ਬਹੁਮਤ ਅਨੁਸਾਰ ਅਕਾਲੀ ਦਲ ਦਾ ਚੇਅਰਮੈਨ ਬਣੇਗਾ |
ਇਸ ਤੋਂ ਇਲਾਵਾ ਬਲਾਕ ਫੂਲ ਦੀਆਂ ਕੁਲ 18 ਪੰਚਾਇਤ ਸੰਮਤੀਆਂ 'ਚੋਂ 6 'ਆਪ' ਅਤੇ 8 ਅਕਾਲੀ ਦਲ ਕੋਲ ਹਨ, ਜਦਕਿ 3 ਕਾਂਗਰਸ ਅਤੇ 1 ਆਜ਼ਾਦ ਉਮੀਦਵਾਰ ਦੇ ਹਿੱਸੇ ਆਈ ਹੈ | ਇਸੇ ਤਰ੍ਹਾਂ ਰਾਮਪੁਰਾ ਬਲਾਕ ਦੀਆਂ ਕੁਲ 18 ਸੰਮਤੀਆਂ 'ਚੋਂ 8-8 'ਤੇ ਆਪ ਅਤੇ ਅਕਾਲੀ ਦਲ ਕਾਬਜ਼ ਹੋਏ ਹਨ ਤੇ 2 ਸੀਟਾਂ 'ਤੇ ਆਜ਼ਾਦ ਉਮੀਦਵਾਰ ਜੇਤੂ ਹੋਏ ਹਨ | ਇਵੇਂ ਹੀ ਮੌੜ ਬਲਾਕ ਦੀਆਂ ਕੁਲ 15 ਸੰਮਤੀਆਂ 'ਚੋਂ 6-6 ਸੀਟਾਂ ਆਪ ਅਤੇ ਅਕਾਲੀ ਦਲ ਨੂੰ ਮਿਲੀਆਂ ਹਨ, ਜਦਕਿ 2 ਕਾਂਗਰਸ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ ਅਤੇ ਤਲਵੰਡੀ ਸਾਬੋ ਬਲਾਕ ਦੀਆਂ ਕੁਲ 25 ਪੰਚਾਇਤ ਸੰਮਤੀਆਂ 'ਚੋਂ 9 ਉੱਪਰ 'ਆਪ' ਅਤੇ 10 ਉੱਪਰ ਅਕਾਲੀ ਦਲ ਕਾਬਜ਼ ਹੋਇਆ ਤੇ 6 ਸੀਟਾਂ ਕਾਂਗਰਸ ਪਾਰਟੀ ਦੇ ਹਿੱਸੇ ਆਈਆਂ ਹਨ | ਉੱਕਤ ਚਾਰੇ ਬਲਾਕਾਂ ਵਿਚ ਨਾ ਹੀ 'ਆਪ' ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਕੋਲ ਸ਼ਪੱਸ਼ਟ ਬਹੁਮਤ ਹੈ, ਜਿਸ ਲਈ ਇਨ੍ਹਾਂ ਬਲਾਕਾਂ ਦੀ ਚੇਅਰਮੈਨੀ ਹਾਸਲ ਕਰਨ ਲਈ ਦੋਵਾਂ ਧਿਰਾਂ ਵਿਚਕਾਰ ਪੇਚਾ ਫਸ ਸਕਦਾ ਹੈ, ਪਰ ਇਨ੍ਹਾਂ ਬਲਾਕਾਂ 'ਚ ਜਿੱਤ ਪ੍ਰਾਪਤ ਕਰਨ ਵਾਲੇ ਕਾਂਗਰਸੀ ਅਤੇ ਆਜ਼ਾਦ ਸੰਮਤੀ ਮੈਂਬਰ ਤੈਅ ਕਰਨਗੇ ਕਿ ਉਹ ਕਿਸ ਧਿਰ ਦਾ ਸਮਰਥਨ ਕਰਕੇ ਉਸ ਨੂੰ ਚੇਅਰਮੈਨ ਦੀ ਕੁਰਸੀ 'ਤੇ ਬਿਰਾਜਮਾਨ ਕਰਦੇ ਹਨ, ਭਾਵ ਇਨ੍ਹਾਂ ਚਾਰ ਬਲਾਕਾਂ ਵਿਚ ਕਾਂਗਰਸੀ ਤੇ ਆਜ਼ਾਦ ਉਮੀਦਵਾਰਾਂ ਦੀ ਬੁੱਕਤ ਹੋਰ ਵਧ ਸਕਦੀ ਹੈ | ਇੱਥੇ ਹੀ ਬਸ ਨਹੀਂ ਜ਼ਿਆਦਾ ਵੱਡਾ ਪੇਚਾ ਫਸਣ 'ਤੇ ਕਿਸੇ ਕਾਂਗਰਸੀ ਜਾਂ ਆਜ਼ਾਦ ਸੰਮਤੀ ਮੈਂਬਰ 'ਤੇ ਵੀ ਚੇਅਰਮੈਨੀ ਦਾ ਗੁਣਾਂ ਪੈ ਸਕਦਾ ਹੈ | ਇਨ੍ਹਾਂ ਚਾਰ ਬਲਾਕਾਂ 'ਚ ਚੇਅਰਮੈਨੀ ਹਾਸਲ ਕਰਨ ਲਈ 'ਆਪ' ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਣਿਤ ਕੁਝ ਵਿਗੜਿਆ ਹੋਇਆ ਦਿਖਾਈ ਦੇ ਰਿਹਾ, ਜਦਕਿ ਬਾਕੀ ਚਾਰ ਬਲਾਕ ਸ਼੍ਰੋਮਣੀ ਅਕਾਲੀ ਦਲ ਦਾ ਚੇਅਰਮੈਨ ਬਣਨ ਦੀ ਸ਼ਪੱਸ਼ਟ ਗਵਾਹੀ ਭਰ ਰਹੇ ਹਨ, ਪਰ ਹੁਣ ਇਹ ਸਮੇਂ ਦੇ ਗਰਭ 'ਚ ਹੈ ਕਿ ਆਖ਼ਰ ਸਮੇਂ ਦਾ 'ਊਠ ਕਿਸ ਕਰਵਟ' ਬੈਠਦਾ ਹੈ |