ਜੋਗਾ, 26 ਦਸੰਬਰ (ਮਨਜੀਤ ਸਿੰਘ ਘੜੈਲੀ)-ਨੇੜਲੇ ਪਿੰਡ ਉੱਭਾ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਨੇ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ, ਖੇਤੀਬਾੜੀ ਮਹਿਕਮੇ ਦੀਆਂ ਸਿਫ਼ਾਰਸ਼ਾਂ ਨੂੰ ਮੰਨ ਕੇ ਖੇਤੀ 'ਚ ਆਮਦਨ ਵਧਾਉਣ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਇਸ ਸਮੇਂ ਕਣਕ ਦੀ ਫ਼ਸਲ 'ਚ ਮੈਗਨੀਜ਼ ਤੱਤਾਂ ਦੀ ਘਾਟ ਪਾਈ ਜਾ ਰਹੀ ਹੈ, ਜਿਸ ਬਾਬਤ ਕਿਸਾਨਾਂ ਨੂੰ ਕਣਕ ਉੱਪਰ 1 ਕਿੱਲੋਗਰਾਮ ਮੈਂਗਨੀਜ਼ ਸਲਫ਼ੇਟ ਦਾ ਸਪਰੇਅ ਕਰਨਾ ਚਾਹੀਦਾ ਹੈ | ਹਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਣਕ ਅਤੇ ਸਰੋਂ੍ਹ ਦੀ ਫ਼ਸਲ ਦੀਆਂ ਕਿਸਮਾਂ, ਖਾਦ ਪ੍ਰਬੰਧ ਅਤੇ ਨਦੀਨ ਕੰਟਰੋਲ ਸਬੰਧੀ ਤਕਨੀਕੀ ਜਾਣਕਾਰੀ, ਫ਼ਸਲਾਂ ਦੀਆਂ ਬਿਮਾਰੀਆਂ ਤੇ ਕੀੜਿਆਂ ਦੀ ਰੋਕਥਾਮ ਤੋਂ ਇਲਾਵਾ ਆਤਮਾ ਸਕੀਮ ਅਤੇ ਪੀ.ਐਮ. ਕਿਸਾਨ ਨਿਧੀ ਸਕੀਮ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਅਮਨਦੀਪ ਸਿੱਧੂ ਤੇ ਜਗਤਾਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਸੁਖਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ, ਸਰਪੰਚ ਸ਼ਿੰਗਾਰਾ ਸਿੰਘ, ਮੇਜਰ ਸਿੰਘ, ਬਲਵੀਰ ਸਿੰਘ ਬੁਰਖ ਢਿੱਲਵਾਂ, ਸੋਮ ਚੰਦ ਉੱਭਾ ਆਦਿ ਹਾਜ਼ਰ ਸਨ |