ਨਥਾਣਾ, 26 ਦਸੰਬਰ (ਗੁਰਦਰਸ਼ਨ ਲੁੱਧੜ)-ਨਗਰ ਪੰਚਾਇਤ ਨਥਾਣਾ ਦੀਆਂ ਚੋਣਾਂ ਲਈ ਵਾਰਡਬੰਦੀ ਕਰਨ ਸਮੇਂ ਕੀਤੇ ਗਏ ਵੱਖ-ਵੱਖ ਵਾਰਡਾਂ ਦੇ ਫੇਰ ਬਦਲ ਦਾ ਨਗਰ ਨਿਵਾਸੀਆਂ ਵਿਚ ਭਰਵਾਂ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ¢ ਗੁਰਤੇਜ ਸਿੰਘ ਸਾਬਕਾ ਸਰਪੰਚ ਨਥਾਣਾ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਖੁਸ਼ਪ੍ਰੀਤ ਕੌਰ, ਜਗਸੀਰ ਸਿੰਘ, ਬਲਵੀਰ ਸਿੰਘ, ਸਰਬਜੀਤ ਸਿੰਘ, ਗੁਰਪਿਆਰ ਸਿੰਘ ਅਤੇ ਹੋਰਨਾਂ ਆਗੂਆਂ ਨੇ ਨਗਰ ਪੰਚਾਇਤ ਨਥਾਣਾ ਦੇ ਪ੍ਰਧਾਨ ਇੰਦਰਵੀਰ ਕੌਰ ਨੂੰ ਪੁਰਾਣੀ ਵਾਰਡਬੰਦੀ ਬਹਾਲ ਕਰਨ ਦਾ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਨਗਰ ਨਥਾਣਾ ਦੀ ਪਿਛਲੀ ਵਾਰਡਬੰਦੀ ਬਿਲਕੁਲ ਦਰੁਸਤ ਸੀ, ਜਿਸ ਮੁਤਾਬਿਕ ਸਾਲ 2021 ਦੌਰਾਨ ਨਗਰ ਪੰਚਾਇਤ ਚੋਣਾਂ ਕਰਵਾਈਆਂ ਗਈਆਂ ਸਨ ਪਰ ਹੁਣ ਚੁਣੀ ਹੋਈ ਮੌਜੂਦਾ ਨਗਰ ਪੰਚਾਇਤ ਦੀ ਮਿਆਦ ਪੂਰੀ ਹੋਣ ਜਾ ਰਹੀ ਹੈ ਅਤੇ ਕੁਝ ਮਹੀਨਿਆਂ ਤੱਕ ਆਉਣ ਵਾਲੀਆਂ ਨਗਰ ਪੰਚਾਇਤ ਨਥਾਣਾ ਦੀਆਂ ਚੋਣਾਂ ਲਈ ਜੋ ਵਾਰਡ ਬੰਦੀ ਕੀਤੀ ਗਈ ਹੈ, ਨਗਰ ਨਿਵਾਸੀਆਂ ਅਨੁਸਾਰ ਉਸ ਵਿਚ ਜਿੱਥੇ ਤਕਨੀਕੀ ਅਤੇ ਪ੍ਰਬੰਧਕੀ ਪੱਧਰ ਦੀਆਂ ਖ਼ਾਮੀਆਂ ਹਨ, ਉੱਥੇ ਸਮਾਜਿਕ ਭਾਈਚਾਰਕ ਪੱਖ ਤੋਂ ਵੀ ਪੂਰੀ ਤਰ੍ਹਾਂ ਵਾਜਬ ਨਹੀਂ ਜਾਪਦੀ¢ ਇਸ ਸਬੰਧੀ ਨਗਰ ਪੰਚਾਇਤ ਨਥਾਣਾ ਦੇ ਦਫ਼ਤਰ ਵਿਚ ਮੰਗ ਪੱਤਰ ਦੇਣ ਵਾਲੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਗਰ ਨਥਾਣਾ ਦੀ ਪੁਰਾਣੀ ਵਾਰਡਬੰਦੀ ਅਨੁਸਾਰ ਹੀ ਨਗਰ ਪੰਚਾਇਤ ਚੋਣਾਂ ਕਰਵਾਈਆਂ ਜਾਣ¢