ਸੰਗਤ ਮੰਡੀ, 30 ਦਸੰਬਰ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ ਵਿਖੇ ਸਰਕਾਰੀ ਬੱਸ ਸਰਵਿਸ ਦਾ ਬੇਹੱਦ ਮਾੜਾ ਹਾਲ ਹੋ ਰਿਹਾ ਹੈ, ਜਿਸ ਕਾਰਨ ਸਵਾਰੀਆਂ ਦੀ ਖੱਜਲ ਖ਼ੁਆਰੀ ਹੋ ਰਹੀ ਹੈ | ਸੰਗਤ ਮੰਡੀ ਵਾਸੀ ਗੁਰਦੀਪ ਸਿੰਘ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਬਠਿੰਡਾ ਡਿੱਪੂ ਵਲੋਂ ਕਾਂਗਰਸ ਸਰਕਾਰ ਸਮੇਂ ਸਿਟੀ ਸਰਵਿਸ ਤਹਿਤ ਵੱਡੀਆਂ ਬੱਸਾਂ ਬਠਿੰਡਾ ਤੋਂ ਸੰਗਤ ਮੰਡੀ ਲਈ ਚਲਾਈਆਂ ਗਈਆਂ ਸਨ, ਪ੍ਰੰਤੂ ਕੁੱਝ ਅਰਸੇ ਬਾਅਦ ਹੀ ਉਹ ਸਾਂਭ ਸੰਭਾਲ ਪੱਖੋਂ ਕਬਾੜ ਹੋ ਗਈਆਂ ਅਤੇ ਬੱਸ ਸਰਵਿਸ ਠੱਪ ਹੋ ਗਈ ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੜ ਪੀ.ਆਰ.ਟੀ.ਸੀ. ਬਠਿੰਡਾ ਡਿੱਪੂ ਵਲੋਂ ਮਿੰਨੀ ਬੱਸ ਸਰਵਿਸ ਚਾਲੂ ਕਰਕੇ ਸੰਗਤ ਮੰਡੀ ਲਈ ਦੋ ਬੱਸਾਂ ਲਗਾਈਆਂ ਗਈਆਂ ਸਨ, ਜੋ ਸੰਗਤ ਮੰਡੀ ਤੋਂ ਬਠਿੰਡਾ ਲਈ ਆਮ ਲੋਕਾਂ ਵਾਸਤੇ ਵਧੀਆ ਸਰਵਿਸ ਸਾਬਿਤ ਹੋ ਰਹੀ ਸੀ, ਪ੍ਰੰਤੂ ਕੁੱਝ ਅਰਸਾ ਪਹਿਲਾਂ ਸਿਰਫ਼ ਇਕ ਬੱਸ ਹੀ ਸਵਾਰੀਆਂ ਲਿਜਾ ਰਹੀ ਹੈ, ਜਿਸ ਦੇ ਡਰਾਈਵਰ ਕੰਡਕਟਰ ਆਪਣੀ ਮਨਮਰਜ਼ੀ ਅਨੁਸਾਰ ਹੀ ਬੱਸ ਦੇ ਗੇੜੇ ਹੀ ਲਗਾਉਂਦੇ ਹਨ | ਉਨਾਂ ਦੱਸਿਆ ਕਿ ਅੱਜ ਬਠਿੰਡਾ ਤੋਂ ਕਰੀਬ 11 ਵਜੇ ਆਈ ਬੱਸ ਦੇ ਡਰਾਈਵਰ ਅਤੇ ਕੰਡਕਟਰ ਬੈਂਕ ਬਾਜ਼ਾਰ 'ਚ ਪੈਂਦੇ ਕਿਸੇ ਨਿੱਜੀ ਅਹਾਤੇ 'ਚ ਬੱਸ ਖੜੀ ਕਰਕੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਸੇ ਪਾਸੇ ਚਲੇ ਗਏ ਅਤੇ ਦੁਪਹਿਰ 2 ਵਜੇ ਤੋਂ ਬਾਅਦ ਆ ਕੇ ਬਠਿੰਡਾ ਨੂੰ ਚਲੇ ਗਏ | ਇਸ ਸਮੇਂ ਦੌਰਾਨ ਸਿਟੀ ਬੱਸ ਦੇ ਕਈ ਟਾਈਮ ਮਿੱਸ ਹੋ ਗਏ ਅਤੇ ਸਵਾਰੀਆਂ ਉੱਥੇ ਖੜੀਆਂ ਬੱਸ ਚੱਲਣ ਦਾ ਇੰਤਜ਼ਾਰ ਕਰਦੀਆਂ ਅਖੀਰ ਪ੍ਰਾਈਵੇਟ ਬੱਸਾਂ ਰਾਹੀਂ ਜਾਣ ਲਈ ਮਜਬੂਰ ਹੋ ਗਈਆਂ | ਸਮਾਜ ਸੇਵੀ ਬਲਵੀਰ ਸਿੰਘ ਬੀਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਸਵਾਰੀਆਂ ਦੀ ਖੱਜਲ ਖ਼ੁਆਰੀ ਲਈ ਜ਼ਿੰਮੇਵਾਰ ਕਰਮਚਾਰੀਆਂ ਵਿਰੁੱਧ ਬਣਦੀ ਕਾਨੂੰਨੀ ਕੀਤੀ ਜਾਵੇ ਤਾਂ ਜੋ ਸਰਕਾਰੀ ਬੱਸ ਸਰਵਿਸ ਸੁਚਾਰੂ ਰੂਪ 'ਚ ਲੋਕਾਂ ਲਈ ਲਾਹੇਵੰਦ ਹੋ ਸਕੇ |