ਬਠਿੰਡਾ, 4 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਇਸ ਵੇਲੇ ਹੜ੍ਹਾਂ ਦੀ ਵੱਡੀ ਮੁਸ਼ਕਿਲ 'ਚੋਂ ਲੰਘ ਰਿਹਾ ਹੈ ਤੇ ਇਸ ਸੰਕਟ ਦੀ ਘੜੀ 'ਚ ਸੂਬੇ ਦੀ 'ਆਪ' ਸਰਕਾਰ ਆਪਣੇ ਲੋਕਾਂ ਨਾਲ ਡੱਟ ਕੇ ਖੜੀ ਹੈ ਤੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਰਕਾਰ ਹਰ ਮੱਦਦ ਕਰਨ ਲਈ ਵਚਨਬੱਧ ਹੈ | ਇਹ ਪ੍ਰਗਟਾਵਾ ਪੰਜਾਬ ਮਾਧਿਅਮ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਅਤੇ 'ਆਪ' ਪੰਜਾਬ ਦੇ ਮੁੱਖ ਬੁਲਾਰੇ ਨੀਲ ਗਰਗ ਨੇ ਹੜ੍ਹ ਪੀੜਤ ਲੋਕਾਂ ਦੀ ਚਿੰਤਾਂ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਇਹ ਇਕ ਕੁਦਰਤੀ ਆਫ਼ਤ ਹੈ, ਜਿਸ ਨਾਲ ਨਜਿੱਠਣ ਲਈ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਸਰਕਾਰ, ਮੰਤਰੀ, ਵਿਧਾਇਕ, ਚੇਅਰਮੈਨ ਅਤੇ ਜ਼ਿਲ੍ਹਾ, ਬਲਾਕ, ਪਿੰਡ ਅਤੇ ਬੂਥ ਪੱਧਰ ਦੇ ਆਪ ਆਗੂ ਤੇ ਵਲੰਟੀਅਰ ਪੂਰੀ ਤਨਦੇਹੀ ਨਾਲ ਲੱਗੇ ਹੋਏ ਹਨ ਤੇ ਹਰ ਪ੍ਰਭਾਵਿਤ ਪਿੰਡ 'ਚ ਬਕਾਇਦਾ ਤੌਰ 'ਤੇ ਆਪ ਦੀਆਂ ਟੀਮਾਂ ਲੋਕਾਂ ਦੀ ਮੱਦਦ ਕਰ ਰਹੀਆਂ ਹਨ | ਚੇਅਰਮੈਨ ਨੀਲ ਗਰਗ ਨੇ ਕਿਹਾ ਕਿ ਹੜ੍ਹਾਂ ਦੌਰਾਨ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਹੋਏ ਨੁਕਸਾਨ ਦਾ ਸਹੀ ਅੰਦਾਜਾ ਹਾਲਾਤ ਸਥਿਰ ਹੋਣ ਉਪਰੰਤ ਹੀ ਲਗਾਇਆ ਜਾ ਸਕਦਾ ਹੈ | ਇਸ ਨੁਕਸਾਨ ਦੀ ਭਰਪਾਈ ਅਤੇ ਲੋਕਾਂ ਦੇ ਮੁੜ ਵਸੇਬੇ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਸਮੁੱਚੀ ਸੂਬਾ ਸਰਕਾਰ ਅਤੇ ਆਮ ਆਦਮੀ ਪਾਰਟੀ ਉਨ੍ਹਾਂ ਲੋਕਾਂ ਦੇ ਨਾਲ ਖੜੀ ਹੈ |