ਪਾਇਲ, 2 ਜੂਨ (ਨਿਜ਼ਾਮਪੁਰ ਰਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਲਾਪਰਾਂ ਨੇ ਡੀ. ਐੱਸ. ਪੀ. ਪਾਇਲ ਹੇਮੰਤ ਮਲਹੋਤਰਾ ਵਲੋਂ ਐਸ. ਡੀ. ਐਮ. ਪਾਇਲ ਪਰਦੀਪ ਸਿੰਘ ਬੈਂਸ ਵਿਰੁੱਧ ਅਣਉਚਿਤ ਅਤੇ ਗੈਰ-ਪੇਸ਼ੇਵਰ ਭਾਸ਼ਾ ਦੀ ਵਰਤੋਂ ਕਰਨ 'ਤੇ ਨਾਇਬ ਤਹਿਸੀਲਦਾਰ ਪਾਇਲ ਰਾਹੀਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਭੇਜਿਆ ਹੈ | ਅਕਾਲੀ ਆਗੂ ਗੁਰਪ੍ਰੀਤ ਸਿੰਘ ਲਾਪਰਾਂ ਨੇ ਕਿਹਾ ਕਿ ਐਸ. ਡੀ. ਐਮ. ਪਾਇਲ ਪ੍ਰਦੀਪ ਸਿੰਘ ਬੈਂਸ ਇਕ ਇਮਾਨਦਾਰ ਅਫ਼ਸਰ ਹਨ, ਜਿਹਨਾਂ ਖਿਲਾਫ ਡੀ. ਐਸ. ਪੀ. ਪਾਇਲ ਹੇਮੰਤ ਮਲਹੋਤਰਾ ਵਲੋਂ ਕਥਿਤ ਤੌਰ 'ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਜੋ ਅੱਤ ਨਿੰਦਣਯੋਗ ਹੈ, ਇਸਦਾ ਪੰਜਾਬ ਪੁਲਿਸ ਫੋਰਸ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਘਟਨਾ ਦੀ ਸੋਸ਼ਲ ਮੀਡੀਆ 'ਤੇ ਪਈ ਵੀਡੀਓ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਅਕਾਲੀ ਆਗੂ ਗੁਰਪ੍ਰੀਤ ਸਿੰਘ ਲਾਪਰਾਂ ਨੇ ਕਿਹਾ ਕਿ ਉਕਤ ਪੱਤਰ ਦਾ ਉਤਾਰਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਡੀ. ਜੀ. ਪੀ. ਪੰਜਾਬ, ਡੀ. ਸੀ. ਲੁਧਿਆਣਾ ਅਤੇ ਐਸ. ਐਸ. ਪੀ. ਖੰਨਾ ਨੂੰ ਭੇਜਿਆ ਗਿਆ ਹੈ | ਜਿਸ ਵਿਚ ਉਨ੍ਹਾਂ ਡੀ. ਐਸ. ਪੀ. ਪਾਇਲ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਮੰਗ ਪੱਤਰ ਦੇਣ ਸਮੇਂ ਜਗਜੀਤ ਸਿੰਘ, ਚੜ੍ਹਤ ਸਿੰਘ, ਲਵਪ੍ਰੀਤ ਸਿੰਘ, ਸਾਬਕਾ ਸਰਪੰਚ ਬੀਰ ਬਲਰਾਜ ਸਿੰਘ ਮਕਸੂਦੜਾ, ਜਥੇਦਾਰ ਕੁਲਦੀਪ ਸਿੰਘ ਮਕਸੂਦੜਾ, ਦਵਿੰਦਰ ਸਿੰਘ ਗੁਰਦਿੱਤਪੁਰਾ, ਗੁਰਮਨਜੋਤ ਸਿੰਘ, ਗੁਰਪ੍ਰੀਤ ਸਿੰਘ ਵੀ ਮੌਜੂਦ ਸਨ | ਜਦੋਂ ਮੰਗ ਪੱਤਰ ਬਾਰੇ ਨਾਇਬ ਤਹਿਸੀਲਦਾਰ ਪਾਇਲ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੰਗ ਪੱਤਰ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਭੇਜ ਦਿੱਤਾ ਹੈ | ਜਦੋਂ ਇਸ ਸੰਬੰਧੀ ਡੀ. ਐਸ. ਪੀ. ਪਾਇਲ ਹੇਮੰਤ ਮਲਹੋਤਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਐੱਸ. ਡੀ. ਐਮ. ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਅਫਸਰ ਹਨ | ਜਿਸ ਸਮੇਂ ਇਹ ਘਟਨਾ ਵਾਪਰੀ ਹੈ ਉਸ ਸਮੇਂ ਲਾਅ ਐਂਡ ਆਰਡਰ ਦੀ ਸਥਿਤੀ ਗੰਭੀਰ ਬਣੀ ਹੋਈ ਸੀ, ਜਿਸ ਨੂੰ ਕਾਇਮ ਰੱਖਣ ਲਈ ਅਚਨਚੇਤ ਕੁੱਝ ਬੋਲਿਆ ਗਿਆ ਹੋਵੇਗਾ |