ਪੌਣੇ 4 ਕਰੋੜ ਰੁਪਏ ਦੀ ਸਾਈਬਰ ਠੱਗੀ 'ਚ ਆਈ. ਡੀ. ਐਫ. ਸੀ. ਬੈਂਕ ਮੁਲਾਜ਼ਮਾਂ ਸਮੇਤ 3 ਗਿ੍ਫ਼ਤਾਰ
ਅਜੀਤ ਡੈਸਕ
05-06-2025
'ਸੁਨੈਨਾਗੁਪਤਾ0199' ਦੀ ਟੈਲੀਗ੍ਰਾਮ ਆਈ. ਡੀ. ਤੋਂ ਤਿੰਨ ਗੁਣਾ ਮੁਨਾਫ਼ੇ ਦਾ ਦਿੱਤਾ ਲਾਲਚ
ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਮਕਾਨ ਨੰਬਰ 1996 ਕਿ੍ਸ਼ਨਾਪੁਰੀ ਮੁਹੱਲਾ ਵਾਰਡ ਨੰਬਰ 4 ਮਾਛੀਵਾੜਾ ਸਾਹਿਬ ਦੇ ਰਹਿਣ ਵਾਲੇ 57 ਸਾਲਾ ਸੰਜੀਵ ਪਾਂਧੀ ਨੇ ਕਿਹਾ ਕਿ ਇੱਕ ਅਣਪਛਾਤੀ ਕੁੜੀ ਨੇ ਉਸਨੂੰ ਸੁਨੈਨਾਗੁਪਤਾ0199 ਆਈਡੀ ਤੋਂ ਟੈਲੀਗ੍ਰਾਮ ਐਪ 'ਤੇ ਮੈਸੇਜ ਕੀਤਾ | ਉਸ ਨੰੂ ਫਾਰੈਕਸ ਟਰੇਡਿੰਗ ਕਰਨ ਲਈ ਕਿਹਾ ਗਿਆ | ਉਸ ਨੰੂ ਤਿੰਨ ਗੁਣਾ ਮੁਨਾਫ਼ੇ ਦਾ ਲਾਲਚ ਦਿੱਤਾ ਗਿਆ | ਜਿਸ ਤੋਂ ਬਾਅਦ ਉਸਦਾ ਟਰੇਡਿੰਗ ਖਾਤਾ ਐਡਮਿਰਲ ਮਾਰਕੀਟਸ ਗਲੋਬਲ ਲਿਮਟਿਡ 'ਤੇ ਖੋਲਿ੍ਹਆ ਗਿਆ | ਇਸ ਖਾਤੇ ਰਾਹੀਂ ਲੈਣ-ਦੇਣ ਸ਼ੁਰੂ ਹੋ ਗਿਆ | ਸ਼ਿਕਾਇਤਕਰਤਾ ਦੇ ਅਨੁਸਾਰ, ਫਾਰੈਕਸ ਟਰੇਡਿੰਗ ਦੇ ਨਾਮ 'ਤੇ ਖੋਲ੍ਹੇ ਗਏ ਉਕਤ ਖਾਤੇ ਵਿਚ 18 ਦਸੰਬਰ 2024 ਤੱਕ ਵੱਖ-ਵੱਖ ਤਰੀਕਾਂ 'ਤੇ ਉਸ ਤੋਂ ਕੁੱਲ 1 ਕਰੋੜ 4 ਲੱਖ 44 ਹਜ਼ਾਰ 999 ਰੁਪਏ ਟਰਾਂਸਫ਼ਰ ਕੀਤੇ ਗਏ ਸਨ | ਇਸ ਤੋਂ ਬਾਅਦ, ਉਸ ਨੰੂ ਕਾਰੋਬਾਰ ਵਿਚ ਮੁਨਾਫ਼ਾ ਦਿਖਾਇਆ ਗਿਆ | ਉਸਦੇ ਟਰੇਡਿੰਗ ਖਾਤੇ ਵਿੱਚ 3 ਕਰੋੜ 66 ਲੱਖ 16 ਲੱਖ 595 ਰੁਪਏ ਦਿਖਾਈ ਦੇਣ ਲੱਗੇ | ਉਸ ਨੰੂ ਲੱਗਾ ਕਿ ਕਾਰੋਬਾਰ ਸਹੀ ਢੰਗ ਨਾਲ ਹੋ ਰਿਹਾ ਹੈ ਅਤੇ ਉਸ ਨੰੂ ਮੁਨਾਫ਼ਾ ਭੇਜਿਆ ਜਾ ਰਿਹਾ ਹੈ | ਜਦੋਂ ਉਹ ਇਹ ਰਕਮ ਕਢਵਾਉਣਾ ਚਾਹੁੰਦਾ ਸੀ, ਤਾਂ ਉਹ ਇਸ ਵਿਚ ਸਫਲ ਨਹੀਂ ਹੋ ਸਕਿਆ | ਰਕਮ ਕਢਵਾਉਣ ਲਈ, ਉਸ ਨੰੂ 24 ਲੱਖ ਰੁਪਏ ਦਾ ਹੋਰ ਟੈਕਸ ਜਮਾ ਕਰਵਾਉਣ ਲਈ ਕਿਹਾ ਗਿਆ | ਸ਼ਿਕਾਇਤਕਰਤਾ ਸੰਜੀਵ ਪਾਂਧੀ ਦੇ ਅਨੁਸਾਰ, ਜਦੋਂ ਉਹ 24 ਲੱਖ ਰੁਪਏ ਦਾ ਟੈਕਸ ਜਮ੍ਹਾ ਕਰਵਾਉਣ ਤੋਂ ਬਾਅਦ ਪੈਸੇ ਕਢਵਾਉਣਾ ਚਾਹੁੰਦਾ ਸੀ, ਤਾਂ ਉਸ ਨੰੂ ਦੱਸਿਆ ਗਿਆ ਕਿ 1 ਕਰੋੜ ਰੁਪਏ ਤੋਂ ਵੱਧ ਹੋਣ ਕਾਰਨ ਖਾਤਾ ਫਰੀਜ਼ ਕਰ ਦਿੱਤਾ ਗਿਆ ਹੈ | ਜਿਸ ਲਈ ਹੁਣ 80 ਲੱਖ ਰੁਪਏ ਹੋਰ ਜਮ੍ਹਾ ਕਰਵਾਉਣੇ ਪੈਣਗੇ | ਆਪਣੀ ਪਹਿਲੀ ਰਕਮ ਬਚਾਉਣ ਦੇ ਇਰਾਦੇ ਨਾਲ, ਉਸਨੇ ਸਾਈਬਰ ਠੱਗਾਂ ਦੀ ਸਲਾਹ 'ਤੇ ਹੋਰ ਪੈਸੇ ਜਮ੍ਹਾ ਕਰਵਾਏ | ਇਸ ਤਰ੍ਹਾਂ, ਉਸਨੇ 10 ਫਰਵਰੀ 2025 ਤੱਕ ਕੁੱਲ 3 ਕਰੋੜ 72 ਲੱਖ 84 ਹਜ਼ਾਰ 999 ਰੁਪਏ ਵੱਖ-ਵੱਖ ਖਾਤਿਆਂ ਵਿਚ ਟਰਾਂਸਫ਼ਰ ਕੀਤੇ ਸਨ | ਬਾਅਦ ਵਿਚ ਉਸ ਨੰੂ ਅਹਿਸਾਸ ਹੋਇਆ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਹੈ | ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ | ਇਸ ਸਾਲ ਇਸ ਮਾਮਲੇ ਦੀ ਪਹਿਲੀ ਐਫ. ਆਈ. ਆਰ. ਸਾਈਬਰ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਸੀ | ਸਾਈਬਰ ਪੁਲਿਸ ਸਟੇਸ਼ਨ ਇੰਚਾਰਜ ਨੇ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਵੀ ਪੁਲਿਸ ਜਲਦੀ ਹੀ ਗਿ੍ਫ਼ਤਾਰ ਕਰ ਲਵੇਗੀ |