ਖੰਨਾ, 6 ਸਤੰਬਰ (ਹਰਜਿੰਦਰ ਸਿੰਘ ਲਾਲ)-1 ਤੋਂ 7 ਸਤੰਬਰ ਤੱਕ ਮਨਾਏ ਜਾ ਕੌਮੀ ਖ਼ੁਰਾਕ ਹਫ਼ਤੇ ਸੰਬੰਧੀ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀਆਂ ਹਦਾਇਤਾਂ ਅਤੇ ਡਾ. ਜਸਦੇਵ ਸਿੰਘ ਦੀ ਅਗਵਾਈ 'ਚ ਸੀ. ਐੱਚ. ਸੀ. ਮਾਨੂੰਪੁਰ ਅਧੀਨ ਪੈਂਦੇ ਸਿਹਤ ਤੇ ਤੰਦਰੁਸਤੀ ਕੇਂਦਰਾਂ 'ਤੇ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਚੰਗੀ ਖ਼ੁਰਾਕ ਦੇ ਮਹੱਤਵ ਸੰਬੰਧੀ ਜਾਣਕਾਰੀ ਦਿੱਤੀ ਗਈ | ਇਸ ਸਮੇਂ ਡਾ. ਸਤਿਆਜੀਤ ਸਿੰਘ ਨੇ ਦੱਸਿਆ ਕੇ ਚੰਗੀ ਖ਼ੁਰਾਕ ਤੰਦਰੁਸਤ ਤੇ ਸਿਹਤਮੰਦ ਜੀਵਨ ਦਾ ਆਧਾਰ ਹੁੰਦੀ ਹੈ | ਪਰ ਅੱਜ ਕੱਲ੍ਹ ਗੈਰ ਸਿਹਤਮੰਦ ਭੋਜਨ ਜਿਵੇਂ ਕਿ ਡੱਬਾਬੰਦ ਭੋਜਨ, ਫਾਸਟ ਫੂਡ, ਸੋਫਟ ਡਰਿੰਕ, ਮੈਦੇ ਨਾਲ ਬਣੇ ਭੋਜਨ ਆਦਿ ਦੀ ਵਰਤੋਂ ਬਹੁਤ ਵੱਧ ਚੁੱਕੀ ਹੈ ਜੋ ਕੇ ਗੈਰ ਸੰਚਾਰੀ ਬਿਮਾਰੀਆਂ ਸ਼ੂਗਰ, ਹਾਈ ਬਲੱਡ ਪ੍ਰੈਸਰ, ਦਿਲ ਦੀਆਂ ਬਿਮਾਰੀਆਂ ਤੇ ਮੋਟਾਪੇ ਦਾ ਕਾਰਨ ਬਣਦੇ ਹਨ | ਇਸ ਲਈ ਜ਼ਰੂਰੀ ਹੈ ਕੇ ਅਜਿਹੇ ਭੋਜਨ ਦੀ ਵਰਤੋਂ ਤੋਂ ਪਰਹੇਜ਼ ਕੀਤਾ ਜਾਵੇ ਤੇ ਪੌਸ਼ਟਿਕ ਸੰਤੁਲਿਤ ਭੋਜਨ ਦੀ ਵਰਤੋਂ ਕੀਤੀ ਜਾਵੇ | ਬੀ. ਈ. ਈ ਗੁਰਦੀਪ ਸਿੰਘ ਨੇ ਕਿਹਾ ਕੇ ਗਰਭਵਤੀ ਅÏਰਤਾਂ ਨੂੰ ਪੌਸ਼ਟਿਕ ਆਹਾਰ ਜਿਵੇਂ ਕਿ ਪਾਲਕ, ਹਰੀਆਂ ਪੱਤੇਦਾਰ ਸਬਜ਼ੀਆਂ, ਮੌਸਮੀ ਫਲ੍ਹਾ ਆਦਿ ਦੀ ਵਰਤੋਂ ਵਧੇਰੇ ਕਰਨੀ ਚਾਹੀਦੀ ਹੈ ਜੋ ਕੇ ਗਰਭ ਵਿਚ ਪਲ ਰਹੇ ਬੱਚੇ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ | ਇਸ ਤੋਂ ਇਲਾਵਾ ਨਵ ਜਨਮੇ ਬੱਚਿਆਂ ਨੂੰ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ | ਇਸ ਸਮੇਂ ਸੀ. ਐੱਚ. ਸੀ. ਮਾਨੂੰਪੁਰ ਦਾ ਸਟਾਫ਼ ਹਾਜ਼ਰ ਸੀ |