ਮਲੌਦ, 6 ਸਤੰਬਰ (ਸਹਾਰਨ ਮਾਜਰਾ)- ਐੱਸ. ਸੀ./ਬੀ. ਸੀ. ਅਧਿਆਪਕ ਯੂਨੀ. ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੁਪਰੀਮ ਕੋਰਟ ਦੇ ਇਕ ਸਤੰਬਰ 2025 ਨੂੰ ਆਏ ਫ਼ੈਸਲੇ 'ਤੇ ਚਰਚਾ ਕੀਤੀ ਗਈ | ਜਿਸ ਅਨੁਸਾਰ ਜਿਨ੍ਹਾਂ ਅਧਿਆਪਕਾਂ ਦੀ ਸੇਵਾਮੁਕਤੀ 'ਚ ਪੰਜ ਸਾਲ ਤੋਂ ਵੱਧ ਦਾ ਸਮਾਂ ਰਹਿੰਦਾ ਹੈ, ਉਨ੍ਹਾਂ ਨੂੰ 2 ਸਾਲ ਦੇ ਅੰਦਰ ਟੈੱਟ ਪਾਸ ਕਰਨਾ ਪਵੇਗਾ ਅਤੇ ਟੈੱਟ ਪਾਸ ਨਾ ਕਰਨ ਵਾਲਿਆਂ ਨੂੰ ਜਬਰੀ ਸੇਵਾਮੁਕਤ ਕੀਤਾ ਜਾਵੇਗਾ | ਜਿਸ ਨਾਲ ਲੱਖਾਂ ਅਧਿਆਪਕਾਂ ਦੇ ਚੁੱਲ੍ਹੇ ਠੰਢੇ ਹੋਣ ਦਾ ਖ਼ੌਫ਼ ਪੈਦਾ ਹੋ ਸਕਦਾ ਹੈ | ਇਹ ਵੀ ਚਰਚਾ ਕੀਤੀ ਗਈ ਕਿ ਜਿਨ੍ਹਾਂ ਅਧਿਆਪਕਾਂ ਦੀ ਸੇਵਾਮੁਕਤੀ 'ਚ 5 ਸਾਲ ਤੋਂ ਘੱਟ ਦਾ ਸਮਾਂ ਰਹਿ ਗਿਆ ਹੈ | ਉਹ ਆਪਣੀ ਸੇਵਾ ਤਾਂ ਜਾਰੀ ਰੱਖ ਸਕਣਗੇ ਪਰ ਤਰੱਕੀ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਵੀ ਟੈੱਟ ਪਾਸ ਕਰਨਾ ਪਵੇਗਾ | ਨਤੀਜੇ ਵਜੋਂ 20-20 ਸਾਲ ਨਿਯਮਤ ਸੇਵਾ ਕਰਨ ਵਾਲੇ ਅਧਿਆਪਕ ਤਰੱਕੀ ਤੋਂ ਵਾਂਝੇ ਹੋ ਜਾਣਗੇ | ਆਗੂਆਂ ਨੇ ਕਿਹਾ ਕਿ ਭਾਵੇਂ ਸੁਪਰੀਮ ਕੋਰਟ ਦਾ ਇਹ ਫ਼ੈਸਲਾ ਵਿਦਿਆਰਥੀਆਂ ਦੇ ਹਿੱਤ 'ਚ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਦੇ ਨੇਕ ਇਰਾਦੇ ਨਾਲ ਲਿਆ ਗਿਆ ਹੈ | ਪਰ ਫਿਰ ਵੀ ਇਹ ਫ਼ੈਸਲਾ ਸਾਡੇ ਰਾਜਾਂ ਦੀਆਂ ਨਖਿੱਧ ਸਰਕਾਰਾਂ ਲਈ ਅਧਿਆਪਕਾਂ ਦੀ ਛਾਂਟੀ/ਜਬਰੀ ਸੇਵਾਮੁਕਤੀ ਦਾ ਹਥਿਆਰ ਬਣ ਕੇ ਰਹਿ ਜਾਵੇਗਾ | ਕਿਉਂਕਿ ਨਿੱਜੀਕਰਨ ਦੇ ਰਸਤੇ ਚਲੀਆਂ ਹੋਈਆਂ ਸਰਕਾਰਾਂ ਪਬਲਿਕ ਸੈਕਟਰ ਦੀ ਅਕਾਰ-ਘਟਾਈ ਲਈ ਲੋੜੋਂ ਵੱਧ ਕਾਹਲੀਆਂ ਰਹਿੰਦੀਆਂ ਹਨ | ਇਸ ਮੌਕੇ ਪ੍ਰਧਾਨ ਕਿਸ਼ਨ ਦੁੱਗਾਂ ਅਤੇ ਸੂਬਾ ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ ਨੇ ਕਿਹਾ ਕਿ ਇੱਕ ਪਾਸੇ ਲੱਖਾਂ ਹੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਰੁਜ਼ਗਾਰ ਲਈ ਸੜਕਾਂ 'ਤੇ ਰੁਲ ਰਹੇ ਹਨ ਅਤੇ ਸਰਕਾਰੀ ਜਬਰ ਦਾ ਸ਼ਿਕਾਰ ਹੋ ਰਹੇ ਹਨ | ਦੂਜੇ ਪਾਸੇ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਆਰ. ਟੀ. ਈ. ਐਕਟ ਤਹਿਤ ਹੀ ਲੋੜੀਂਦੇ ਅਧਿਆਪਕਾਂ ਦੀਆਂ ਲੱਖਾਂ ਅਸਾਮੀਆਂ ਖਾਲੀ ਪਈਆਂ ਹਨ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਇਸ ਸੰਬੰਧੀ ਦਖ਼ਲ ਦੇ ਕੇ ਲਾਜ਼ਮੀ ਸਿੱਖਿਆ ਕਾਨੂੰਨ 2009 ਦੇ ਲਾਗੂ ਹੋਣ ਤੋਂ ਪਹਿਲਾਂ ਭਰਤੀ ਅਧਿਆਪਕਾਂ ਨੂੰ ਟੈੱਟ ਤੋਂ ਛੋਟ ਦੇਣ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ | ਮੀਟਿੰਗ 'ਚ ਸੂਬਾ ਜਨਰਲ ਲਛਮਣ ਸਿੰਘ ਨਬੀਪੁਰ, ਸਕੱਤਰ ਜਨਰਲ ਬਲਵਿੰਦਰ ਲਤਾਲਾ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਸੀ. ਮੀਤ ਪ੍ਰਧਾਨ ਵੀਰ ਸਿੰਘ ਮੋਗਾ, ਸੀਨੀ. ਮੀਤ ਪ੍ਰਧਾਨ ਪਰਵਿੰਦਰ ਭਾਰਤੀ, ਮੀਤ ਪ੍ਰਧਾਨ ਵਿਜੇ ਕੁਮਾਰ ਮਾਨਸਾ, ਹਰਪਾਲ ਤਰਨਤਾਰਨ, ਹਰਦੀਪ ਤੂਰ, ਦਰਸ਼ਨ ਸਿੰਘ ਡਾਂਗੋ, ਦੇਸ ਰਾਜ ਜਲੰਧਰ, ਦੀਪਕ ਕੁਮਾਰ, ਹਰਜਿੰਦਰ ਪੁਰਾਣੇਵਾਲਾ, ਕੁਲਵਿੰਦਰ ਬਿੱਟੂ, ਹਰਵਿੰਦਰ ਮਾਰਸ਼ਲ, ਲੈਕ. ਭੁਪਿੰਦਰ ਸਿੰਘ, ਅੰਮਿ੍ਤਪਾਲ ਮਾਨਸਾ ਤੇ ਚਮਕੌਰ ਸਿੰਘ ਮਾਨਸਾ ਆਦਿ ਸ਼ਾਮਿਲ ਸਨ |