ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਅਤੇ ਭਾਜਪਾ ਆਗੂ ਕੇ. ਡੀ. ਭੰਡਾਰੀ ਨੇ ਪ੍ਰੈੱਸ ਕਾਨਫ਼ਰੰਸ ਵਿਚ ਕੇਂਦਰ ਸਰਕਾਰ ਵੱਲੋਂ ਜੀ. ਐਸ. ਟੀ. ਦਰਾਂ ਘਟਾਉਣ ਦੇ ਫ਼ੈਸਲੇ ਨੂੰ ਇਤਿਹਾਸਕ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਸਿਰਫ਼ ਵਪਾਰੀਆਂ ਨੂੰ ਹੀ ਨਹੀਂ, ਸਗੋਂ ਆਮ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ | ਮਹਿੰਗਾਈ ਵਿਚ ਕਮੀ ਆਉਣ ਦੀ ਉਮੀਦ ਹੈ ਅਤੇ ਹਰ ਵਰਗ ਦੇ ਖ਼ਰੀਦਦਾਰਾਂ ਨੂੰ ਇਸ ਦਾ ਲਾਭ ਮਿਲੇਗਾ | ਭੰਡਾਰੀ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਵਿਚ ਦੇਸ਼ ਭਰ ਵਿਚ ਗੱਡੀਆਂ ਦੀ ਵਿੱਕਰੀ ਰਿਕਾਰਡ ਤੋੜ ਦਰਜੇ ਤੱਕ ਪਹੁੰਚੀ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਦੇ ਨਵੇਂ ਫ਼ੈਸਲੇ ਦਾ ਸਿੱਧਾ ਪ੍ਰਭਾਵ ਮਾਰਕੀਟ 'ਤੇ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੀਆਂ ਜ਼ਰੂਰਤਾਂ ਅਤੇ ਸੁਝਾਵਾਂ ਨੂੰ ਧਿਆਨ ਵਿਚ ਰੱਖ ਕੇ ਹੀ ਇਹੋ ਜਿਹੇ ਕਦਮ ਚੁੱਕ ਰਹੀ ਹੈ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਟੈਰਿਫ਼ ਵਧਾਉਣ ਦੇ ਬਾਵਜੂਦ ਮੋਦੀ ਪਿੱਛੇ ਨਹੀਂ ਹਟੇ, ਸਗੋਂ ਦੋਗੁਣੀ ਤਾਕਤ ਨਾਲ ਅੱਗੇ ਵਧੇ ਹਨ | ਭੰਡਾਰੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੇ ਇਹੋ ਜਿਹੇ ਫ਼ੈਸਲੇ ਭਾਰਤ ਨੂੰ ਵਿਸ਼ਵ ਪੱਧਰ 'ਤੇ ਹੋਰ ਮਜ਼ਬੂਤ ਬਣਾਉਣ ਵਿਚ ਸਹਾਇਕ ਹਨ | ਇਸ ਮੌਕੇ ਭਾਜਪਾ ਵੱਲੋਂ ਐਲਾਨ ਕੀਤਾ ਗਿਆ ਕਿ 30 ਸਤੰਬਰ ਤੱਕ ਖ਼ਾਸ ਮੁਹਿੰਮ ਚਲਾਈ ਜਾਵੇਗੀ | ਇਸ ਦੌਰਾਨ ਬਾਜ਼ਾਰਾਂ ਵਿਚ ਪੰਫ਼ਲਿਟ ਵੰਡ ਕੇ ਲੋਕਾਂ ਦੀ ਰਾਏ ਇਕੱਠੀ ਕੀਤੀ ਜਾਵੇਗੀ | ਭੰਡਾਰੀ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਘਟੀਆਂ ਜੀ. ਐਸ. ਟੀ ਦਰਾਂ ਦਾ ਸਿੱਧਾ ਲਾਭ ਗਾਹਕਾਂ ਤੱਕ ਪਹੁੰਚਾਉਣ | ਉਨ੍ਹਾਂ ਕਿਹਾ ਕਿ ਜੇ ਵਪਾਰੀ ਆਪਣੇ ਗਾਹਕਾਂ ਨੂੰ ਰਾਹਤ ਦੇਣਗੇ ਤਾਂ ਮਾਰਕੀਟ ਵਿਚ ਖ਼ਰੀਦਦਾਰੀ ਦਾ ਰੁਝਾਨ ਹੋਰ ਵਧੇਗਾ ਅਤੇ ਆਰਥਿਕਤਾ ਨੂੰ ਨਵੀਂ ਰਫ਼ਤਾਰ ਮਿਲੇਗੀ | ਪ੍ਰੈੱਸ ਕਾਨਫ਼ਰੰਸ ਦੌਰਾਨ ਕਈ ਭਾਜਪਾ ਆਗੂ ਵੀ ਮੌਜੂਦ ਸਨ | ਇਨ੍ਹਾਂ ਵਿਚ ਪਾਰਟੀ ਬੁਲਾਰੇ ਇਕਬਾਲ ਚੰਨੀ, ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ, ਅਨੁਜ ਛਾਹੜੀਆ, ਜ਼ਿਲ੍ਹਾ ਜਨਰਲ ਸਕੱਤਰ ਹਰਸਿਮਰਨਜੀਤ ਰਿਚੀ, ਸੁਖਵਿੰਦਰ ਸਿੰਘ, ਸੁਧੀਰ ਸੋਨੂੰ, ਲਿਲਿਬ ਨੰਦਾ, ਬਿੰਨੀ ਮਲਹੋਤਰਾ, ਰਾਜ ਕੁਮਾਰ ਮੈਨਰੋ, ਪੂਜਾ ਸਾਹਨੇਵਾਲੀਆ ਆਦਿ ਸ਼ਾਮਲ ਸਨ |