ਖੰਨਾ, 26 ਸਤੰਬਰ (ਮਨਜੀਤ ਸਿੰਘ ਧੀਮਾਨ)-ਵਿਦੇਸ਼ ਭੇਜਣ ਦੇ ਨਾਮ 'ਤੇ ਲੱਖਾਂ ਰੁਪਏ ਧੋਖਾਧੜੀ ਕਰਨ ਦੇ ਦੋਸ਼ 'ਚ ਥਾਣਾ ਸਦਰ ਖੰਨਾ ਵਿਖੇ ਪੁਲਿਸ ਨੇ ਦੋ ਔਰਤਾਂ ਦੇ ਖ਼ਿਲਾਫ਼ ਧਾਰਾ 420, 406, 120-ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ | ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਸ਼ਿਕਾਇਤਕਰਤਾ ਤੇਜਬਿੰਦਰ ਸਿੰਘ ਵਾਸੀ ਪਿੰਡ ਬੁੱਲੇ੍ਹਪੁਰ ਨੇ ਦੱਸਿਆ ਕਿ ਕਥਿਤ ਦੋਸ਼ੀ ਔਰਤਾਂ ਪਰਵੀਨ ਕੌਰ ਦੋਵੇਂ ਵਾਸੀ ਪਿੰਡ ਕੌੜੀ ਨੂੰ ਵਾਰ ਵਾਰ ਕਹਿਣ 'ਤੇ ਵਿਦੇਸ਼ ਭੇਜਣ ਦੀ ਫਾਈਲ ਲਗਾਉਣ ਲਈ ਕਿਹਾ ਗਿਆ | ਜਿਸ 'ਤੇ ਕਥਿਤ ਦੋਸ਼ੀ ਪ੍ਰਵੀਨ ਕੌਰ ਵਾਰ ਵਾਰ ਕਹਿ ਦਿੰਦੀ ਸੀ ਕਿ ਉਸ ਨੇ ਆਪਣੀ ਪੀ. ਆਰ. ਦੀ ਫਾਈਲ ਲਗਾਈ ਹੋਈ ਹੈ | ਸ਼ਿਕਾਇਤਕਰਤਾ ਨੇ ਇਹ ਵੀ ਇਲਜ਼ਾਮ ਲਗਾਏ ਕਿ ਕਥਿਤ ਦੋਸ਼ੀ ਪ੍ਰਵੀਨ ਕੌਰ ਨੇ ਕਿਹਾ ਕਿ ਉਹ ਅਮਨਦੀਪ ਸਿੰਘ ਦੀ ਫਾਈਲ ਨਹੀਂ ਲਗਾ ਸਕਦੀ | ਇਸ ਤਰਾਂ ਪਰਵੀਨ ਕੌਰ ਨੇ ਆਪਣੀ ਮਾਤਾ ਸਰਬਜੀਤ ਕੌਰ ਨਾਲ ਮਿਲੀਭੁਗਤ ਕਰ ਕੇ ਵਿਦੇਸ਼ ਕੈਨੇਡਾ ਜਾਣ ਲਈ ਸ਼ਿਕਾਇਤਕਰਤਾ ਕੋਲੋਂ 33 ਲੱਖ 81,239 ਰੁਪਏ ਖਰਚਾ ਕਰਵਾ ਕੇ ਅਤੇ ਸ਼ਿਕਾਇਤਕਰਤਾ ਦੇ ਲੜਕੇ ਅਮਨਦੀਪ ਸਿੰਘ ਨੂੰ ਵਿਦੇਸ਼ ਕੈਨੇਡਾ ਨਾ ਬੁਲਾ ਕੇ ਸ਼ਿਕਾਇਤਕਰਤਾ ਅਤੇ ਉਸ ਦੇ ਪਰਿਵਾਰ ਨਾਲ ਧੋਖਾਧੜੀ ਕੀਤੀ ਹੈ | ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਕਥਿਤ ਦੋਸ਼ੀ ਔਰਤਾਂ ਦੇ ਖ਼ਿਲਾਫ਼ ਧੋਖਾਧੜੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ |