ਵੋਟਾਂ ਦੀ ਗਿਣਤੀ ਦੌਰਾਨ ਪੁਲਿਸ ਵਲੋਂ ਅਕਾਲੀ ਆਗੂ ਯਾਦੂ ਨੂੰ ਹਿਰਾਸਤ ਵਿਚ ਲੈਣ 'ਤੇ ਵਰਕਰਾਂ ਨੇ ਨੈਸ਼ਨਲ ਹਾਈਵੇ ਖੰਨਾ ਵਿਖੇ ਲਗਾਇਆ ਧਰਨਾ
ਅਜੀਤ ਡੈਸਕ
18-12-2025
ਮਿਲੀ ਜਾਣਕਾਰੀ ਅਨੁਸਾਰ ਜਦੋਂ ਰਾਜੇਵਾਲ ਬਲਾਕ ਦੀ ਗਿਣਤੀ ਚੱਲ ਰਹੀ ਸੀ ਤਾਂ ਇਹ ਝਗੜਾ ਸ਼ੁਰੂ ਹੋਇਆ | ਅਕਾਲੀ ਦਲ ਨੇ ਗਿਣਤੀ ਵਿਚ ਧੱਕੇ ਦੇ ਦੋਸ਼ ਲਾਏ | ਬਹਿਸ ਵਧਣ 'ਤੇ ਖੰਨਾ ਪੁਲਿਸ ਯਾਦੂ ਨੂੰ ਫੜ ਕੇ ਲੈ ਗਈ |
ਖੰਨਾ ਦੀ ਐਸ.ਡੀ.ਐਮ. ਸਵਾਤੀ ਟਿਵਾਣਾ ਨੇ ਦੱਸਿਆ ਕਿ ਗਿਣਤੀ ਵਿਚ ਗਲਤੀ ਨਾਲ ਕੁਝ ਵੋਟਾਂ ਕਾਂਗਰਸ ਦੀਆਂ ਆਮ ਆਦਮੀ ਪਾਰਟੀ ਵੱਲ ਤੇ ਆਮ ਆਦਮੀ ਪਾਰਟੀ ਦੀਆਂ ਕਾਂਗਰਸ ਵੱਲ ਗਿਣੀਆਂ ਗਈਆਂ ਸਨ | ਜਿਨ੍ਹਾਂ ਨੂੰ ਦੋਵੇਂ ਪਾਰਟੀਆਂ ਦੇ ਏਜੰਟਾਂ ਦੀ ਹਾਜ਼ਰੀ ਵਿਚ ਦਰੁਸਤ ਕੀਤਾ ਜਾ ਰਿਹਾ ਸੀ ਕਿ ਇਸ ਸਮੇਂ ਦਰਮਿਆਨ ਹੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਵੋਟਾਂ ਦੇ ਕੇਂਦਰ ਵਿਚ ਜਾ ਕੇ ਅਧਿਕਾਰੀਆਂ ਨਾਲ ਉਚ ਨੀਵਾਂ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਸਰਕਾਰੀ ਕੰਮ ਵਿਚ ਦਖ਼ਲ ਦਿੱਤਾ, ਜਦੋਂ ਕਿ ਅਕਾਲੀ ਦਲ ਦੀਆਂ ਵੋਟਾਂ ਦਾ ਕੋਈ ਰੌਲਾ ਹੀ ਨਹੀਂ ਸੀ | ਇਸ 'ਤੇ ਪੁਲਿਸ ਨੇ ਯਾਦਵਿੰਦਰ ਸਿੰਘ ਯਾਦੂ ਅਤੇ ਉਸ ਦੇ ਸਾਥੀਆਂ ਨੂੰ ਹਿਰਾਸਤ ਵਿਚ ਲੈ ਲਿਆ | ਉਨ੍ਹਾਂ ਦੇ ਹਿਰਾਸਤ ਲੈਣ ਦੇ ਸਬੰਧ ਵਿਚ ਜਦੋਂ ਡੀ ਐਸ. ਪੀ. ਖੰਨਾ ਵਿਨੋਦ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉੋਨ੍ਹਾਂ ਦੱਸਿਆ ਕਿ ਅਕਾਲੀ ਆਗੂ ਯਾਦੂ ਸਰਕਾਰੀ ਕੰਮ ਵਿਚ ਵਿਘਨ ਪਾ ਰਿਹਾ ਸੀ | ਅਕਾਲੀ ਆਗੂ ਨੂੰ ਹਿਰਾਸਤ ਵਿਚ ਲੈਣ ਉਪਰੰਤ ਗ਼ੁੱਸੇ ਵਿਚ ਆਏ ਅਕਾਲੀ ਵਰਕਰਾਂ ਅਤੇ ਆਗੂਆਂ ਨੇ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਨੈਸ਼ਨਲ ਹਾਈਵੇ 'ਤੇ ਧਰਨਾ ਲਗਾ ਦਿੱਤਾ ਗਿਆ | ਜੋ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ |