ਮੁੱਲਾਂਪੁਰ-ਦਾਖਾ, 17 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ 'ਚ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਲਈ ਪਿਛਲੇ ਦਿਨੀਂ ਹੋਈ ਵੋਟ ਪੋਲਿੰਗ ਬਾਅਦ ਅੱਜ ਜੀ.ਟੀ.ਬੀ ਕਾਲਜ ਦਾਖਾ ਅੰਦਰ ਵੋਟਾਂ ਦੀ ਗਿਣਤੀ ਸਮੇਂ ਰਿਟਰਨਿੰਗ ਅਫ਼ਸਰ, ਏ.ਆਰ.ਓ ਵਲੋਂ ਵੋਟਾਂ ਦੀ ਗਿਣਤੀ ਲਈ ਪੁਖਤਾ ਪ੍ਰਬੰਧ ਸੀ | ਜ਼ਿਲ੍ਹਾ ਪ੍ਰੀਸ਼ਦ 3 ਜ਼ੋਨ ਅਤੇ ਪੰਚਾਇਤ ਸੰਮਤੀ 25 ਜ਼ੋਨ ਲਈ ਚੋਣ ਨਤੀਜੇ ਸਮੇਂ 17 ਸੰਮਤੀ ਜ਼ੋਨਾਂ ਅਤੇ 3 ਜ਼ਿਲ੍ਹਾ ਪ੍ਰੀਸ਼ਦ ਜੋਨਾਂ 'ਤੇ ਅਜ਼ਾਦ ਉਮੀਦਵਾਰਾਂ, 7 ਉਮੀਦਵਾਰ ਕਾਂਗਰਸ ਪਾਰਟੀ ਅਤੇ 1 ਜ਼ੋਨ 'ਤੇ ਆਮ ਆਦਮੀ ਪਾਰਟੀ ਉਮੀਦਵਾਰ ਜੇਤੂ ਰਿਹਾ | ਪੰਜਾਬ ਕਾਂਗਰਸ ਦੇ ਜਨ: ਸਕੱਤਰ, ਇੰਚਾਰਜ ਹਲਕਾ ਦਾਖਾ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਕਾਂਗਰਸ ਵਲੋਂ ਲੜੀਆਂ ਇੰਨ੍ਹਾਂ ਚੋਣਾਂ ਵਿਚ ਪੰਚਾਇਤ ਸੰਮਤੀ ਜ਼ੋਨ ਮੁੱਲਾਂਪੁਰ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਵੀਰ ਸਿੰਘ ਕਲੇਰ ਵਿਰੋਧੀ ਅਜ਼ਾਦ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤ ਲਈ | ਸੰਮਤੀ ਜ਼ੋਨ ਰਕਬਾ ਕਾਂਗਰਸ ਪਾਰਟੀ ਉਮੀਦਵਾਰ ਹਰਦੀਪ ਕੌਰ ਜੇਤੂ ਰਹੀ | ਸੰਮਤੀ ਜ਼ੋਨ ਛਪਾਰ ਤੋਂ ਕਾਂਗਰਸ ਪਾਰਟੀ ਉਮੀਦਵਾਰ ਗੁਰਚੇਤ ਸਿੰਘ ਚੋਣ ਜਿੱਤ ਗਿਆ | ਸੰਮਤੀ ਜ਼ੋਨ ਛੋਕਰ ਕਾਂਗਰਸ ਪਾਰਟੀ ਉਮੀਦਵਾਰ ਸਤਿੰਦਰ ਕੌਰ ਜੋਧਾਂ ਚੋਣ ਜਿੱਤ ਗਈ | ਮੋਹੀ ਸੰਮਤੀ ਜ਼ੋਨ ਲਈ ਕਾਂਗਰਸ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਚੋਣ ਜਿੱਤ ਗਿਆ | ਪੰਚਾਇਤ ਸੰਮਤੀ ਜ਼ੋਨ ਮਾਜਰੀ ਤੋਂ ਕਾਂਗਰਸ ਪਾਰਟੀ ਉਮੀਦਵਾਰ ਜਗਦੇਵ ਸਿੰਘ ਜੇਤੂ ਰਿਹਾ | ਸੰਮਤੀ ਜ਼ੋਨ ਆਲੀਵਾਲ ਤੋਂ ਕਾਂਗਰਸ ਪਾਰਟੀ ਉਮੀਦਵਾਰ ਲਖਵਿੰਦਰ ਸਿੰਘ ਘਮਣੇਵਾਲ ਚੋਣ ਜਿੱਤ ਗਿਆ | ਹਲਕਾ ਦਾਖਾ ਅੰਦਰ ਕਾਂਗਰਸ ਪਾਰਟੀ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਸਰਪੰਚ ਸਾਧੂ ਸਿੰਘ ਕਲੇਰ ਵਲੋਂ ਆਪਣੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਹਲਕਾ ਦਾਖਾ ਅੰਦਰ 221 ਬੂਥਾਂ ਨਾਲ ਜੁੜੇ ਵੋਟਰਾਂ, ਵਲੰਟੀਅਰ ਟੀਮ ਦਾ ਧੰਨਵਾਦ ਕੀਤਾ |