ਰਾੜਾ ਸਾਹਿਬ, 18 ਦਸੰਬਰ (ਸੁਖਵੀਰ ਸਿੰਘ ਚਣਕੋਈਆਂ)- ਜਿਲ੍ਹਾ ਪ੍ਰੀਸ਼ਦ ਕੱਦੋਂ ਜੋਨ ਦੀ ਜਨਰਲ ਸੀਟ ਇਲਾਕੇ ਦੇ ਨਾਮਵਰ ਪਿੰਡ ਘਲੋਟੀ ਦੇ ਦੂਸਰੀ ਵਾਰ ਹਿੱਸੇ ਆਈ ਹੈ ਅਤੇ ਵੋਟਰਾਂ ਨੇ ਦੂਸਰੀ ਵਾਰ ਪਿੰਡ ਘਲੋਟੀ ਦੇ ਉਮੀਦਵਾਰ 'ਤੇ ਵਿਸਵਾਸ ਜਿਤਾਇਆ ਹੈ | ਦੱਸ ਦਈਏ ਕਿ ਜ਼ਿਲ੍ਹਾ ਪ੍ਰੀਸ਼ਦ ਕੱਦੋਂ ਜੋਨ ਅਧੀਨ 54 ਪਿੰਡਾਂ ਦੇ 79830 ਕੁੱਲ ਵੋਟਰ ਸਨ ਜਿਨ੍ਹਾਂ ਵਿੱਚ 42743 ਵੋਟਰਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਸੀ | ਜਿਸ ਵਿੱਚੋਂ ਪਿੰਡ ਘਲੋਟੀ ਦੇ ਜੇਤੂ ਰਹੇ ਉਮੀਦਵਾਰ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਗਿੱਲ (ਟੀਨੂੰ ਘਲੋਟੀ) ਨੂੰ ਕੁੱਲ 13156 ਵੋਟਾਂ ਮਿਲੀਆਂ ਅਤੇ 992 ਵੋਟਾਂ 'ਤੇ ਉਨ੍ਹਾਂ ਚੋਣ ਜਿੱਤੀ ਹੈ | ਜਦਕਿ ਦੂਸਰੇ ਨੰਬਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਭੈ ਸਿੰਘ ਬੈਂਸ ਨੂੰ 12164 ਵੋਟਾਂ ਪ੍ਰਾਪਤ ਹੋਈਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਸਰਪੰਚ ਬਲਦੇਵ ਸਿੰਘ ਦੋਬੁਰਜੀ ਨੂੰ 9484 ਵੋਟਾਂ ਮਿਲੀਆ ਹਨ | ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ 2008 ਅੰਦਰ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਕੱਦੋਂ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਪਿੰਡ ਘਲੋਟੀ ਦੇ ਜੱਥੇਦਾਰ ਬਲਵੰਤ ਸਿੰਘ ਘਲੋਟੀ ਨੂੰ ਉਮੀਦਵਾਰ ਐਲਾਨ ਕੇ ਲੋਕਾਂ ਦੀ ਕਚਹਿਰੀ ਵਿੱਚ ਭੇਜਿਆ ਗਿਆ ਸੀ ਅਤੇ ਉਨ੍ਹਾਂ ਕਾਂਗਰਸੀ ਉਮੀਦਵਾਰ ਨੂੰ ਕਰੀਬ 2600 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ | ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਲ੍ਹਾ ਪ੍ਰੀਸ਼ਦ ਜੋਨ ਕੱਦੋਂ ਦੀ ਸੀਟ ਜਿੱਤਣ ਤੋਂ ਬਾਅਦ ਬਲਵੰਤ ਸਿੰਘ ਘਲੋਟੀ ਨੂੰ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਮੈਂਬਰ ਲਗਾਇਆ ਗਿਆ ਸੀ | ਜ਼ਿਕਰਯੋਗ ਹੈ ਕਿ ਦੋਵਾਂ ਆਗੂਆਂ ਦਾ ਆਪੋ ਆਪਣੀ ਸਿਆਸੀ ਪਾਰਟੀ ਵਿੱਚ ਚੰਗਾ ਰੁਤਬਾ ਹੈ |