ਮਾਛੀਵਾੜਾ ਸਾਹਿਬ, 19 ਦਸੰਬਰ (ਮਨੋਜ ਕੁਮਾਰ)-ਬਲਾਕ ਸੰਮਤੀ ਮਾਛੀਵਾੜਾ ਦੇ ਕੁੱਲ 16 ਜ਼ੋਨਾਂ ਵਿਚੋਂ ਆਪ ਨੇ 6 ਜ਼ੋਨ, ਅਕਾਲੀ ਦਲ ਬਾਦਲ ਨੇ 6, ਕਾਂਗਰਸ 3 ਅਤੇ ਭਾਜਪਾ ਨੇ 1 ਜ਼ੋਨ ਵਿਚ ਫਤਹਿ ਕੀਤੀ ਹੈ | ਹਾਲਾਂਕਿ ਇਨ੍ਹਾਂ ਚੋਣਾਂ ਵਿਚ ਨਾ ਕੋਈ ਖਾਲੀ ਤੇ ਨਾ ਕੋਈ ਬਹੁਤਾ ਭਰਿਆ ਰਿਹਾ ਭਾਵ ਕਿਸੇ ਵੀ ਰਾਜਨੀਤਕ ਦਲ ਨੂੰ ਪੂਰਨ ਬਹੁਮਤ ਨਹੀਂ ਮਿਲਿਆ | ਨਤੀਜਿਆਂ ਦੇ ਮਹਿਜ਼ ਕੁੱਝ ਘੰਟਿਆਂ ਬਾਦ ਰਾਜਨੀਤਕ ਹਲਕਿਆਂ ਵਿਚ ਇਸ ਗੱਲ ਦੀ ਚਰਚਾ ਵੀ ਉੱਠਣੀ ਸੁਭਾਵਿਕ ਸੀ ਕਿ ਬਲਾਕ ਸੰਮਤੀ ਦੇ ਚੇਅਰਮੈਨ ਦਾ ਤਾਜ ਕਿਸ ਦੇ ਸਿਰ ਸਜੇਗਾ | ਹਾਲਾਂਕਿ ਸੂਬੇ ਵਿਚ ਆਪ ਦੀ ਵਜ਼ਾਰਤ ਹੈ ਤੇ ਉਸ ਦੀ ਕੋਸ਼ਿਸ਼ ਹੋਵੇਗੀ ਕਿ ਚੇਅਰਮੈਨ ਉਨ੍ਹਾਂ ਦਾ ਹੀ ਕੋਈ ਜੇਤੂ ਬਣੇ | ਪਰ ਚੋਣ ਨਤੀਜਿਆਂ ਦੇ ਸਮੀਕਰਨ ਕੁੱਝ ਹੋਰ ਹੀ ਬਿਆਨ ਕਰਦੇ ਹਨ ਕਿਉਂਕਿ ਚੇਅਰਮੈਨੀ 'ਤੇ ਕਾਬਜ਼ ਹੋਣ ਲਈ ਕਿਸੇ ਵੀ ਰਾਜਨੀਤਕ ਦਲ ਨੂੰ 9 ਜੇਤੂ ਉਮੀਦਵਾਰਾਂ ਦਾ ਸਾਥ ਚਾਹੀਦਾ ਹੈ ਤੇ ਆਪ ਕੋਲ ਫਿਲਹਾਲ ਉਸ ਦੇ 6 ਉਮੀਦਵਾਰ ਹਨ ਤੇ ਜੇਕਰ ਹਲਕਾ ਵਿਧਾਇਕ ਦੀ ਵੋਟ ਵੀ ਜੋੜੀ ਜਾਵੇ ਤਾਂ ਇਹ ਅੰਕੜਾ 7 ਬਣਦਾ ਹੈ, ਜਿਹੜਾ ਕਿ ਇਸ ਸੀਟ ਲਈ ਕਾਫੀ ਨਹੀਂ | ਹੁਣ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਇਹੀ ਅੰਕੜਾ ਉਨ੍ਹਾਂ ਕੋਲ ਹੈ | ਪਰ ਜੇਕਰ ਭਾਜਪਾ ਦਾ ਇੱਕ ਜੇਤੂ ਉਮੀਦਵਾਰ ਉਨ੍ਹਾਂ ਦਾ ਸਾਥ ਦੇਵੇ ਤਾਂ ਵੀ ਇਹ ਅੰਕੜਾ 7 ਤੋਂ ਉੱਪਰ ਨਹੀਂ ਜਾਂਦਾ | ਹੁਣ ਸਭ ਤੋਂ ਵੱਡਾ ਜਾਦੂ ਅੰਕੜਾ ਕਾਂਗਰਸ ਕੋਲ ਹੈ | ਹਾਲਾਂਕਿ ਉਸ ਦੇ 3 ਉਮੀਦਵਾਰ ਜੇਤੂ ਰਹੇ ਤੇ ਉਸ ਦਾ ਚੇਅਰਮੈਨ ਤਾਂ ਨਹੀਂ ਬਣ ਸਕਦਾ | ਪਰ ਜੇਕਰ ਕਿਸੇ ਰਾਜਨੀਤਕ ਦਲ ਨੂੰ ਉਸ ਦੀ ਸਪੋਰਟ ਮਿਲ ਜਾਏ ਤਾਂ ਹੋ ਉਸ ਦਾ ਚੇਅਰਮੈਨ ਬਣਨਾ ਤੈਅ ਹੈ | ਹਾਲਾਂਕਿ ਕਾਂਗਰਸ ਹਮਾਇਤ ਦਿੰਦੀ ਹੈ ਜਾਂ ਨਹੀਂ ਇਸ ਬਾਰੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ | ਪਰ ਕਹਿਣ ਨੂੰ ਵਧੀਆ ਪ੍ਰਦਰਸ਼ਨ ਨਾ ਕਰਨ ਵਾਲੀ ਕਾਂਗਰਸ ਇਸ ਬਲਾਕ ਸੰਮਤੀ ਦੇ ਤਾਜ ਦਾ ਮੁੱਖ ਰਸਤਾ ਜ਼ਰੂਰ ਬਣ ਸਕਦੀ ਹੈ | ਹਾਲਾਂਕਿ ਇਹ ਭਵਿੱਖ ਹੀ ਦੱਸੇਗਾ ਕਿ ਅਜਿਹਾ ਹੁੰਦਾ ਹੈ ਜਾਂ ਨਹੀਂ ਪਰ ਹੁਣ ਤੋਂ ਹੀ ਰਾਜਨੀਤਕ ਮਾਹਿਰਾਂ ਨੇ ਇਸ ਤਾਜ ਤੱਕ ਪਹੁੰਚਣ ਲਈ ਅੰਕੜਿਆਂ 'ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ |