ਦੋਰਾਹਾ, 19 ਦਸੰਬਰ (ਮਨਜੀਤ ਸਿੰਘ ਗਿੱਲ)-ਹਲਕਾ ਪਾਇਲ ਦੇ ਪ੍ਰਮੁੱਖ ਰਾਜਨੀਤਿਕ ਆਗੂ ਜਗਜੀਵਨ ਪਾਲ ਸਿੰਘ ਗਿੱਲ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜਿਆਂ ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ ਨਾ ਕਿ ਸੱਤਾ ਜਾਂ ਸੱਤਾ ਦਾ ਨਸ਼ਾ | ਉਨ੍ਹਾਂ ਕਿਹਾ ਕਿ ਹਲਕਾ ਪਾਇਲ ਵਿੱਚ ਸੱਤਾਧਾਰੀ ਪਾਰਟੀ ਵੱਲੋਂ ਜਿਹੜੇ ਮਾਹੌਲ ਨੂੰ ਸਿਰਜਿਆ ਜਾ ਰਿਹਾ ਸੀ ਉਸ ਦਾ ਲੋਕਤੰਤਰ ਨਾਲ ਕੋਈ ਸੰਬੰਧ ਨਹੀਂ ਸੀ | ਉਨ੍ਹਾਂ ਕਿਹਾ ਕਿ ਜੇ ਲੋਕ ਸਿਰ ਤੇ ਚੜ੍ਹਾਉਣਾ ਜਾਣਦੇ ਹਨ ਤਾਂ ਬਿਠਾਉਣਾ ਵੀ ਜਾਣਦੇ ਹਨ ਅਤੇ ਪਾਇਲ ਹਲਕੇ ਦੇ ਪਿੰਡ ਰਾਮਪੁਰ ਤੋਂ ਲੈ ਕੇ ਮਲੋਦ ਦੇ ਆਖ਼ਰੀ ਪਿੰਡ ਦੋਦ ਅਤੇ ਬੁਰਕੜਾ ਤੱਕ ਆਏ ਨਤੀਜਿਆਂ ਨੇ ਸਿੱਧ ਕਰ ਦਿੱਤਾ ਹੈ ਕਿ ਹਲਕਾ ਪਾਇਲ ਦੇ ਲੋਕ ਮਾਰਸ਼ਲ ਹਨ ਅਤੇ ਇਹ ਕਿਸੇ ਦੇ ਅਧੀਨ ਰਹਿ ਕੇ ਡਰਾਵੇ ਨਹੀਂ ਝੱਲ ਸਕਦੇ | ਜਗਜੀਵਨਪਾਲ ਸਿੰਘ ਗਿੱਲ ਨੇ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੈ, ਭਰਿਸ਼ਟਾਚਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ, ਅਫਸਰ ਸ਼ਾਹੀ ਬੇਲਗ਼ਾਮ ਹੈ, ਸਰਕਾਰੀ ਤੌਰ ਤੇ ਸੇਵਾ ਨਾਂ ਦੀ ਕੋਈ ਚੀਜ਼ ਨਹੀਂ ਅਤੇ ਪੰਜਾਬ ਦੇ ਆਰਥਿਕ ਸੋਮਿਆਂ ਨੂੰ ਲੱਗਦੀ ਢਾਹ ਇੱਥੋਂ ਦੀ ਨੌਜਵਾਨ ਪੀੜੀ ਦਾ ਭਵਿੱਖ ਖ਼ਤਮ ਕਰ ਰਹੀ ਹੈ | ਜਗਜੀਵਨ ਪਾਲ ਸਿੰਘ ਗਿੱਲ ਨੇ ਕਿਹਾ ਕਿ ਮੌਜੂਦਾ ਚੋਣਾਂ ਦੇ ਨਤੀਜਿਆਂ ਨੇ ਸੱਤਾਧਾਰੀ ਧਿਰ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ ਸਿੱਧ ਕਰ ਦਿੱਤਾ ਹੈ ਕਿ ਹਲਕਾ ਪਾਇਲ ਦੇ ਲੋਕ ਲੋਕਤੰਤਰ ਵਿੱਚ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਆਪਣਾ ਫ਼ਤਵਾ ਦਿੰਦੇ ਹਨ ਅਤੇ ਜਿਸ ਆਗੂ ਨੂੰ ਹੁਣ ਨਾਕਾਰ ਵੀ ਦਿੰਦੇ ਹਨ |